ਅਸਰਾਨੀ ਯਾਨੀ ਕਿ ਗੋਵਰਧਨ ਅਸਰਾਨੀ (Govardhan Asrani), ਜਿਸ ਨੇ ਬਾਲੀਵੁੱਡ ਇੰਡਸਟਰੀ ਤੇ ਲੰਮਾ ਸਮਾਂ ਰਾਜ ਕੀਤਾ ।ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਬਾਲੀਵੁੱਡ ਅਦਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਅਸਰਾਨੀ ਦਾ ਦਿਹਾਂਤ ਸੋਮਵਾਰ ਨੂੰ ਹੋਇਆ ਅਤੇ ਸਾਂਤਾ ਕ੍ਰੂਜ਼ ਸਥਿਤ ਸ਼ਾਸਤਰੀ ਨਗਰ ਸ਼ਮਸ਼ਾਨ ਘਾਟ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਕੀਤਾ ਗਿਆ ।
ਹੋਰ ਪੜ੍ਹੋ : ਅਦਾਕਾਰਾ ਪਰੀਣੀਤੀ ਨੂੰ ਪੁੱਤਰ ਦੇ ਜਨਮ ਤੋਂ ਬਾਅਦ ਮਿਲ ਰਹੀਆਂ ਵਧਾਈਆਂ
ਪਰਿਵਾਰ ਦੇ ਵੱਲੋਂ ਮੌਤ ਨੂੰ ਸਰਵਜਨਕ ਨਹੀਂ ਕੀਤਾ ਗਿਆ ਸੀ । ਉਨ੍ਹਾਂ ਦੀ ਪਤਨੀ ਮੰਜੂ ਅਸਰਾਨੀ ਨੇ ਦੱਸਿਆ ਕਿ ਖੁਦ ਅਸਰਾਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਨੂੰ ਜਨਤਕ ਨਾ ਕੀਤਾ ਜਾਵੇ।ਇਸੇ ਕਾਰਨ ਉਨ੍ਹਾਂ ਦਾ ਅੰਤਿਮ ਸਸਕਾਰ ਬਗੈਰ ਕਿਸੇ ਐਲਾਨ ਤੋਂ ਕਰ ਦਿੱਤਾ ਗਿਆ । ਅਸਰਾਨੀ ਜੱਦੀ ਤੌਰ ਤੇ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਸਨ । ਉਹ ਪਿਛਲੇ ਪੰਜ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ‘ਚ ਸਰਗਰਮ ਸਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਸੀ । ਉਨ੍ਹਾਂ ਨੇ ਆਪਣੀ ਪੜ੍ਹਾਈ ਸੈਂਟ ਜੇਵੀਅਰ ਸਕੂਲ ਜੈਪੁਰ ਤੋਂ ਕੀਤੀ ਸੀ ।
ਅਸਰਾਨੀ ਨੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਤੇ ਛੱਡੀ ਛਾਪ
ਅਦਾਕਾਰ ਅਸਰਾਨੀ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਵੱਖਰੀ ਛਾਪ ਛੱਡੀ । ਉਨ੍ਹਾਂ ਨੇ ਫ਼ਿਲਮਾਂ ‘ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਨੈਗਟਿਵ ਕਿਰਦਾਰ ਨਿਭਾਉਣਾ ਹੋਵੇ । ਹਰ ਤਰ੍ਹਾਂ ਦੇ ਕਿਰਦਾਰਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ । ਉਨ੍ਹਾਂ ਨੇ 350 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ ਸੀ । ਜਿਸ ‘ਚ ‘ਛੋਅਲੇ’ ‘ਚ ਉਨ੍ਹਾਂ ਦੇ ਵੱਲੋਂ ਜੇਲ੍ਹ ਵਾਰਡਨ ਦੇ ਨਿਭਾਏ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਅਸਰਾਨੀ ਨੇ ਹੇਰਾਫੇਰੀ, ਆ ਅਬ ਲੌਟ ਚਲੇਂ, ‘ਚੁਪਕੇ ਚੁਪਕੇ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਬੇਸ਼ੱਕ ਸਰੀਰਕ ਤੌਰ ਤੇ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਆਪਣੀਆਂ ਫ਼ਿਲਮਾਂ ਸਦਕਾ ਉਹ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਵੱਸਦੇ ਰਹਿਣਗੇ ।
- GTC PUNJABI