ਲੰਮੀ ਹੇਕ ਦੇ ਲਈ ਮਸ਼ਹੂਰ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਅੱਜ ਜਨਮ ਦਿਨ ਹੈ। ਫੈਨਸ ਵੀ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਉਨ੍ਹਾਂ ਦਾ ਜਨਮ 18 ਫਰਵਰੀ 1944 ਨੂੰ ਪਿਤਾ ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੀ ਕੁੱਖੋਂ ਪਿੰਡ ਕੋਠਾ ‘ਚ ਹੋਇਆ ਸੀ । ਗੁਰਮੀਤ ਬਾਵਾ ਹੋਰੀਂ ਚਾਰ ਭੈਣ ਭਰਾ ਸਨ।ਗੁਰਮੀਤ ਬਾਵਾ ਦੀ ਉਮਰ ਬਹੁੜ ਛੋਟੀ ਸੀ ਕਿ ਮਾਂ ਦਾ ਸਾਇਆ ਉਨ੍ਹਾਂ ਦੇ ਸਿਰੋਂ ਉੱਠ ਗਿਆ ਸੀ ।ਜਿਸ ਕਾਰਨ ਵੱਡੀਆਂ ਭੈਣਾਂ ਦੇ ਨਾਲ –ਨਾਲ ਘਰ ਪਰਿਵਾਰ ਦੀ ਜ਼ਿੰਮੇਵਾਰ ਇਨ੍ਹਾਂ ‘ਤੇ ਵੀ ਪੈ ਗਈ ਸੀ।ਗੁਰਮੀਤ ਬਾਵਾ ਦੇ ਪਾਲਣ ਪੋਸ਼ਣ ‘ਚ ਉਨ੍ਹਾਂ ਦੀਆਂ ਵੱਡੀਆਂ ਭੈਣਾਂ ਦਾ ਵੱਡਾ ਰੋਲ ਰਿਹਾ।

ਉਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ ਹਾਸਲ ਕੀਤੀ ਸੀ ।ਗੁਰਮੀਤ ਬਾਵਾ ਨੇ ਉਸ ਵੇਲੇ ਸਿੱਖਿਆ ਹਾਸਲ ਕੀਤੀ ਸੀ ਜਦੋਂ ਕੁੜੀਆਂ ਨੂੰ ਘਰੋਂ ਬਾਹਰ ਪੜ੍ਹਨ ਦੇ ਲਈ ਨਹੀਂ ਸੀ ਭੇਜਿਆ ਜਾਂਦਾ ।ਗੁਰਮੀਤ ਬਾਵਾ ਮਹਿਜ਼ ਇਕਲੌਤੀ ਕੁੜੀ ਸਨ ਜੋ ਪਿੰਡ ਚੋਂ ਪੜ੍ਹਨ ਦੇ ਲਈ ਜਾਂਦੀ ਸੀ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਦਸਵੀਂ ਪਾਸ ਕਰਕੇ ਜੇਬੀਟੀ ਕੀਤੀ ਅਤੇ ਫਿਰ ਅਧਿਆਪਕ ਲੱਗ ਗਈ ।ਉਨ੍ਹਾਂ ਦੀ ਪੜ੍ਹਾਈ ‘ਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਵੱਡਾ ਯੋਗਦਾਨ ਸੀ ।

ਗੁਰਮੀਤ ਬਾਵਾ ਦਾ ਵਿਆਹ
ਗੁਰਮੀਤ ਬਾਵਾ ਦਾ ਵਿਆਹ 1968 ‘ਚ ਕਿਰਪਾਲ ਸਿੰਘ ਬਾਵਾ ਨਾਲ ਹੋਇਆ।ਇੱਕ ਵਾਰ ਗੁਰਮੀਤ ਤੇ ਕਿਰਪਾਲ ਸਿੰਘ ਗੁਰਮੀਤ ਬਾਵਾ ਦੇ ਪਿੰਡ ਉਨ੍ਹਾਂ ਦੇ ਪਿਤਾ ਜੀ ਦੀ ਕੋਲ ਬੈਠੇ ਸਨ ਅਤੇ ਇਸੇ ਦੌਰਾਨ ਪਿਤਾ ਨੇ ਕਿਰਪਾਲ ਸਿੰਘ ਨੂੰ ਕਿਹਾ ਕਿ ‘ਬਾਵਾ’ ਕੁਝ ਗਾ ਕੇ ਸੁਣਾਓ ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਨਾਂਅ ਬਾਵਾ ਪੈ ਗਿਆ । ਕਿਰਪਾਲ ਬਾਵਾ ਵਿਆਹ ਤੋਂ ਬਾਅਦ ਗੁਰਮੀਤ ਬਾਵਾ ਦੇ ਨਾਲ ਅੰਮ੍ਰਿਤਸਰ ਰਹਿਣ ਲੱਗ ਪਏ ਸਨ।ਗੁਰਮੀਤ ਬਾਵਾ ਦੇ ਪਤੀ ਵੀ ਸਰਕਾਰੀ ਅਧਿਆਪਕ ਸਨ ਪਰ ਗਾਇਕੀ ਨਾਲ ਉਨ੍ਹਾਂ ਦਾ ਖ਼ਾਸਾ ਮੋਹ ਸੀ ਅਤੇ ਦੋਵੇਂ ਨੌਕਰੀ ਛੱਡ ਕੇ ਗਾਇਕੀ ਦੇ ਖੇਤਰ ‘ਚ ਨਿੱਤਰੇ । ਗੁਰਮੀਤ ਬਾਵਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ ਅਤੇ ਗਾਇਕੀ ਦੇ ਖੇਤਰ ‘ਚ ਉਨ੍ਹਾਂ ਦੇ ਗੁਰੁ ਕਿਰਪਾਲ ਬਾਵਾ ਹੀ ਸਨ ।ਦੋਵਾਂ ਦੇ ਘਰ ਤਿੰਨ ਧੀਆਂ, ਲਾਚੀ ਬਾਵਾ, ਗਲੋਰੀ ਬਾਵਾ ਤੇ ਸਿਮਰਤ ਬਾਵਾ ਨੇ ਜਨਮ ਲਿਆ ।ਤਿੰਨਾਂ ਧੀਆਂ ਨੂੰ ਵਧੀਆ ਸਿੱਖਿਆ ਦਿਵਾਈ ਗਈ।ਲਾਚੀ ਬਾਵਾ ਦਾ ਇੱਕ ਨਾਮੁਰਾਦ ਬਿਮਾਰੀ ਦੇ ਕਾਰਨ ਦਿਹਾਂਤ ਹੋ ਗਿਆ ਸੀ । ਪਰ ਲਾਚੀ ਬਾਵਾ ਵੀ ਇੱਕ ਵਧੀਆ ਗਾਇਕਾ ਸੀ।
ਜਲੰਧਰ ਦੂਰਦਰਸ਼ਨ ‘ਤੇ ਗਾਉਣ ਵਾਲੀ ਪਹਿਲੀ ਗਾਇਕਾ
ਜਦੋਂ ਜਲੰਧਰ ਦੂਰਦਰਸ਼ਨ ਸ਼ੁਰੂ ਹੋਇਆ ਤਾਂ ਗੁਰਮੀਤ ਬਾਵਾ ਅਜਿਹੀ ਪਹਿਲੀ ਗਾਇਕਾ ਸਨ ਜਿਨ੍ਹਾਂ ਨੂੰ ਜਲੰਧਰ ਦੂਰਦਰਸ਼ਨ ‘ਤੇ ਸਭ ਤੋਂ ਪਹਿਲਾਂ ਗਾਉਣ ਦਾ ਮੌਕਾ ਮਿਲਿਆ ਸੀ ।ਗੁਰਮੀਤ ਬਾਵਾ ਨੇ ਜੁਗਨੀ, ਸੁਹਾਗ, ਘੋੜੀਆਂ, ਸਿੱਠਣੀਆਂ ਗਾਉਣ ਕਰਕੇ ਦੇਸ਼ ਵਿਦੇਸ਼ ‘ਚ ਜਾਣੀ ਜਾਂਦੇ ਸਨ ।ਉਹ ਪੰਤਾਲੀ ਸਕਿੰਟ ਲੰਮੀ ਹੇਕ ਲਾਉਂਦੇ ਸਨ ਅਤੇ ਇਸੇ ਲੰਮੀ ਹੇਕ ਦੇ ਲਈ ਉਹ ਕਾਫੀ ਮਸ਼ਹੂਰ ਹੋਏ ਸਨ।
- GTC PUNJABI