ਪੰਜਾਬੀ ਇੰਡਸਟਰੀ ਲਈ ਦੋ ਹਜ਼ਾਰ ਪੱਚੀ ਸਾਲ ਕਾਫੀ ਦੁੱਖਦਾਇਕ ਰਿਹਾ । ਇਸ ਸਾਲ ਕਈ ਪੰਜਾਬੀ ਸਿਤਾਰਿਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ । ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸਾਂਗੇ।ਜੋ 2025 ‘ਚ ਇਸ ਸੰਸਾਰ ਤੋਂ ਰੁਖਸਤ ਹੋ ਗਏ ।ਬੇਸ਼ੱਕ ਇਹ ਸਿਤਾਰੇ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ। ਪਰ ਉਹ ਆਪਣੀ ਅਦਾਕਾਰੀ, ਗਾਇਕੀ ਤੇ ਗੀਤਕਾਰੀ ਦੇ ਰਾਹੀਂ ਹਮੇਸ਼ਾ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦੀ ।ਜਿਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ । ਉਹ ਨਾ ਸਿਰਫ਼ ਵਧੀਆ ਅਦਾਕਾਰ ਸਨ, ਬਲਕਿ ਆਪਣੀ ਕਾਮੇਡੀ ਦੇ ਨਾਲ ਉਨ੍ਹਾਂ ਨੇ ਹਰ ਕਿਸੇ ਦੇ ਚਿਹਰੇ ਤੇ ਹਾਸੇ ਲਿਆਂਦੇ । ਉਨ੍ਹਾਂ ਨੇ 1988 ‘ਚ ਛਣਕਾਟਾ 88 ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਹ ਬਤੌਰ ਪ੍ਰੋਫੈਸਰ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ‘ਚ ਵੀ ਕੰਮ ਕਰ ਚੁੱਕੇ ਹਨ । ਉਨ੍ਹਾਂ ਦਾ ਦਿਹਾਂਤ 22 ਅਗਸਤ 2025 ਨੂੰ ਹੋਇਆ ਸੀ । ਉਹ ਬਿਮਾਰ ਸਨ ਅਤੇ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।

ਚਰਨਜੀਤ ਆਹੂਜਾ
ਪੰਜਾਬੀ ਸੰਗੀਤ ਸਮਰਾਟ ਚਰਨਜੀਤ ਆਹੂਜਾ ਜਿਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਰੁਸ਼ਨਾਇਆ । ਉਨ੍ਹਾਂ ਦਾ ਦਿਹਾਂਤ ਵੀ ਇਸੇ ਸਾਲ ਹੋਇਆ । ਉਨ੍ਹਾਂ ਨੇ ਗੁਰਦਾਸ ਮਾਨ, ਹੰਸ ਰਾਜ ਹੰਸ, ਜਸਬੀਰ ਜੱਸੀ, ਸੁਰਜੀਤ ਬਿੰਦਰਖੀਆ, ਸਰਦੂਲ ਸਿਕੰਦਰ ਸਣੇ ਕਈ ਵੱਡੇ ਗਾਇਕਾਂ ਨੂੰ ਬਣਾਇਆ ਸੀ ।ਤਵਿਆਂ ਅਤੇ ਸਪੀਕਰਾਂ ਦੇ ਸਮੇਂ ਤੋਂ ਲੈ ਕੇ ਆਧੁਨਿਕ ਯੁੱਗ ਦੇ ਸੰਗੀਤ ਤੱਕ ਚਰਨਜੀਤ ਆਹੂਜਾ ਨੇ ਆਪਣੀ ਸਰਦਾਰੀ ਕਾਇਮ ਰੱਖੀ ਸੀ ।

ਰਾਜਵੀਰ ਜਵੰਦਾ
ਬਾਬੁਲ ਤੇਰੀ ਪੱਗ ਵੇ ਸੁੱਚੀ, ਪੱਗ ਬੰਨ ਕੇ ਰੱਖਿਆ ਕਰ ਵੇ, ਫੁੱਲਾਂ ਵਾਂਗੂੰ ਮੈਂ ਖਿੜ ਪੈਂਦੀ ਆਂ ਸਣੇ ਕਈ ਹਿੱਟ ਗੀਤ ਗਾਉਣ ਵਾਲੇ ਰਾਜਵੀਰ ਜਵੰਦਾ ਨੇ ਵੀ ਇਸ ਫਾਨੀ ਸੰਸਾਰ ਨੂੰ ੮ ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।ਰਾਜਵੀਰ ਜਵੰਦਾ ਸਤਾਈ ਸਤਬੰਰ ਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ ਅਤੇ ਜਿੱਥੇ ਕਈ ਦਿਨ ਤੱਕ ਉਨ੍ਹਾਂ ਦਾ ਇਲਾਜ ਚੱਲਦਾ ਰਿਹਾ । ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਬਹੁਤ ਹੀ ਛੋਟੀ ਉਮਰ ‘ਚ ਇਸ ਸੰਸਾਰ ਤੋਂ ਰੁਖਸਤ ਹੋ ਗਏ ।

ਉਸਤਾਦ ਪੂਰਨ ਸ਼ਾਹ ਕੋਟੀ
ਉਸਤਾਦ ਪੂਰਨ ਸ਼ਾਹ ਕੋਟੀ ਜੀ ਦਾ ਵੀ ਇਸੇ ਸਾਲ ਦਿਹਾਂਤ ਹੋ ਗਿਆ ਸਾਲ ਦੇ ਆਖਰੀ ਮਹੀਨੇ ‘ਚ ਉਹ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾਂ ਨੇ ਵੀ ਕਈ ਗਾਇਕਾਂ ਨੂੰ ਬਣਾਇਆ । ਜਿਸ ‘ਚ ਹੰਸ ਰਾਜ ਹੰਸ, ਮਾਸਟਰ ਸਲੀਮ, ਜਸਬੀਰ ਜੱਸੀ ਸਣੇ ਕਈ ਸਿਤਾਰੇ ਸ਼ਾਮਿਲ ਹਨ ।
ਵਰਿੰਦਰ ਘੁੰਮਣ
ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਤੋਂ ਇੰਡਸਟਰੀ ਉੱਭਰੀ ਵੀ ਨਹੀਂ ਸੀ ਕਿ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ । ਉਨ੍ਹਾਂ ਨੇ ੨੦੧੨ ‘ਚ ਪੰਜਾਬੀ ਫ਼ਿਲਮਾਂ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ।ਪਰ ਭਰ ਜਵਾਨੀ ‘ਚ ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ।

ਨਿੰਮਾ ਲੋਹਾਰਕਾ
ਨਿੰਮਾ ਲੋਹਾਰਕਾ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰਾਂ ਚੋਂ ਇੱਕ ਸਨ । ਉਨ੍ਹਾਂ ਦੇ ਲਿਖੇ ਗੀਤ ਅਮਰਿੰਦਰ ਗਿੱਲ, ਨਛੱਤਰ ਸਣੇ ਕਈ ਵੱਡੇ ਵੱਡੇ ਗਾਇਕਾਂ ਨੇ ਗਾਏ ਸਨ ।ਨਿੰਮਾ ਲੋਹਾਰਕਾ ਦਾ ਜਨਮ ਪਿੰਡ ਲੋਹਾਰਕਾ ‘ਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਜਗਦੇਵ ਕਲਾਂ ਤੋਂ ਹੀ ਪੂਰੀ ਕੀਤੀ ਸੀ।ਸਕੂਲ ਸਮੇਂ ਤੋਂ ਹੀ ਉਹ ਲਿਖਣ ਦਾ ਸ਼ੌਂਕ ਰੱਖਦੇ ਸਨ । ਕਈ ਵੱਡੇ ਗਾਇਕਾਂ ਲਈ ਗੀਤ ਲਿਖਣ ਵਾਲਾ ਨਿੰਮਾ ਲੋਹਾਰਕਾ ਗੁੰਮਨਾਮੀ ਦੇ ਹਨੇਰੇ ‘ਚ ਰਿਹਾ।ਇੱਕ ਪੁਲਿਸ ਅਫਸਰ ਨੇ ਨਿੰਮੇ ਦੇ ਪਰਿਵਾਰ ਦੀ ਬਾਂਹ ਫੜ੍ਹੀ ਹੈ ਤੇ ਉਸ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਬੀੜਾ ਚੁੱਕਿਆ ਹੈ।

ਮਨੀ ਕੁਲਾਰ
ਮਨੀ ਕੁਲਾਰ ਨੇ ਕੁਝ ਦਿਨ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ। ਉਨ੍ਹਾਂ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ । ਆਪਣੇ ਛੋਟੇ ਜਿਹੇ ਕਰੀਅਰ ‘ਚ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਅਮਰਦੀਪ ਗਿੱਲ ਵੱਲੋਂ ਨਿਰਦੇਸ਼ਿਤ ਸੀਰੀਜ਼ ਦਾਰੋ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਸੀ ।
- GTC PUNJABI