ਦਿਲ ‘ਚ ਕੁਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ, ਬਸ਼ਰਤੇ ਕਿ ਉਸ ਕੰਮ ਨੂੰ ਕਰਨ ਦਾ ਜਜ਼ਬਾ ਇਨਸਾਨ ‘ਚ ਹੋਵੇ । ਅੱਜ ਅਸੀਂ ਤੁਹਾਨੂੰ ਦੋ ਅਜਿਹੀਆਂ ਭੈਣਾਂ ਦੀ ਕਹਾਣੀ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਮਨ ਮੋਹ ਲਿਆ ਹੈ ।ਇਹ ਦੋਵੇਂ ਭੈਣਾਂ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਅਤੇ ਦੋਵਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ । ਕਚੂਰਾ ਸਿਸਟਰਸ ( Kachura Sisters) ਨਾਂਅ ਨਾਲ ਮਸ਼ਹੂਰ ਭੈਣਾਂ ਦੀ ਇਹ ਜੋੜੀ ਧਾਰਮਿਕ ਗੀਤ ਹੀ ਗਾਉਂਦੀ ਹੈ। ਪਰ ਜਿੰਨੀ ਇਨ੍ਹਾਂ ਧੀਆਂ ਦੀ ਆਵਾਜ਼ ਸੁਰੀਲੀ ਹੈ, ਇਨ੍ਹਾਂ ਦੀ ਸੁਰੀਲੀ ਆਵਾਜ਼ ਵਾਂਗ ਇਨ੍ਹਾਂ ਦੀ ਕਿਸਮਤ ਓਨੀਂ ਜ਼ਿਆਦਾ ਵਧੀਆ ਨਹੀਂ ਹੈ। ਆਓ ਜਾਣਦੇ ਹਾਂ ਇਸ ਸੁਰੀਲੀ ਆਵਾਜ਼ ਪਿੱਛੇ ਛਿਪੀ ਦਰਦਨਾਕ ਕਹਾਣੀ ਦੇ ਬਾਰੇ ।
ਦੋਵਾਂ ਭੈਣਾਂ ਨੂੰ ਨਹੀਂ ਦਿੰਦਾ ਦਿਖਾਈ
ਦੋਵਾਂ ਭੈਣਾਂ ਨੂੰ ਜਨਮ ਤੋਂ ਹੀ ਦਿਖਾਈ ਨਹੀਂ ਦਿੰਦਾ । ਮਾਪਿਆਂ ਨੇ ਧੀਆਂ ਨੂੰ ਕਈ ਡਾਕਟਰਾਂ ਦੇ ਕੋਲ ਦਿਖਾਇਆ,ਪਰ ਕੋਈ ਫਾਇਦਾ ਨਹੀਂ ਹੋਇਆ । ਇਨ੍ਹਾਂ ਦੋਵਾਂ ਦੀ ਇੱਕ ਵੱਡੀ ਭੈਣ ਵੀ ਹੈ ਜੋ ਕਿ ਸ਼ੂਗਰ ਦੀ ਮਰੀਜ਼ ਹੈ।ਪਰਿਵਾਰ ਦਾ ਮੁਖੀ ਪਿਤਾ ਵੀ ਗਠੀਏ ਦਾ ਮਰੀਜ਼ ਹੈ। ਤਿੰਨਾਂ ਭੈਣਾਂ ਦਾ ਇੱਕ ਭਰਾ ਵੀ ਹੈ ਜਿਸ ਨੂੰ ਮਾਪਿਆਂ ਦੇ ਵੱਲੋਂ ਗੋਦ ਲਿਆ ਗਿਆ ਹੈ। ਦੋਵਾਂ ਭੈਣਾਂ ਨੇ ਗਾਇਕੀ ਨੂੰ ਆਪਣੇ ਜੀਣ ਦਾ ਸਹਾਰਾ ਬਣਾ ਲਿਆ ਹੈ ਅਤੇ ਦੋਵੇਂ ਜਣੀਆਂ ਧਾਰਮਿਕ ਗੀਤ ਗਾਉਂਦੀਆਂ ਹਨ। ਦੋਵਾਂ ਭੈਣਾਂ ਨੇ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਹੈ। ਉਨ੍ਹਾਂ ਦੇ ਵੱਲੋਂ ਗਾਏ ਗਏ ਧਾਰਮਿਕ ਤੇ ਲੋਕ ਗੀਤਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਕਮਜ਼ੋਰੀ ਨੂੰ ਬਣਾਇਆ ਤਾਕਤ
ਬੱਚੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀ ਦੂਜੀ ਧੀ ਦਾ ਜਨਮ ਹੋਇਆ ਤਾਂ ਉਸ ਨੂੰ ਚਾਦਰ ਨਾਲ ਢੱਕਿਆ ਜਾਂਦਾ ਸੀ ਤਾਂ ਉਸ ਨੂੰ ਕੁਝ ਵੀ ਪਤਾ ਨਹੀਂ ਸੀ ਲੱਗਦਾ ਅਤੇ ਨਾ ਹੀ ਲਾਈਟ ਜਾਣ ਤੇ ਕਿਸੇ ਤਰ੍ਹਾਂ ਦਾ ਰਿਐਕਟ ਕਰਦੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਡਾਕਟਰ ਕੋਲ ਚੈਕ ਕਰਵਾਇਆ । ਜਿਸ ‘ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚੀ ਦੀਆਂ ਅੱਖਾਂ ਖਰਾਬ ਹਨ । ਬੱਚੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਇੱਕ ਸਾਲ ਬਾਅਦ ਉਨ੍ਹਾਂ ਦੇ ਘਰ ਇੱਕ ਹੋਰ ਧੀ ਦਾ ਜਨਮ ਹੋਇਆ ਤਾਂ ਉਸ ‘ਚ ਵੀ ਇਸੇ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਲੱਗ ਪਏ । ਜਿਸ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਤੋਂ ਉਸ ਦਾ ਵੀ ਟੈਸਟ ਕਰਵਾਇਆ ਤਾਂ ਉਸ ਦੀ ਨਜ਼ਰ ਵੀ ਕੰਮ ਨਹੀਂ ਸੀ ਕਰ ਰਹੀ ।ਬੇਸ਼ੱਕ ਇਹਨਾਂ ਧੀਆਂ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਪਰ ਆਪਣੀ ਗਾਇਕੀ ਦੇ ਨਾਲ ਦੋਨਾਂ ਨੇ ਕਾਫੀ ਨਾਮਣਾ ਖੱਟਿਆ ਹੈ।
- GTC PUNJABI