ਮਰਹੂਮ ਗਾਇਕ ਰਾਜ ਬਰਾੜ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ । ਰਾਜ ਬਰਾੜ ਦਾ ਜਨਮ ਮਾਤਾ ਧਿਆਨ ਕੌਰ ਦੀ ਕੁੱਖੋਂ ਅਤੇ ਪਿਤਾ ਪਿਛੋਰਾ ਸਿੰਘ ਦੇ ਘਰ ਜ਼ਿਲ੍ਹਾ ਮੋਗਾ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਰਾਜਬਿੰਦਰ ਸਿੰਘ ਬਰਾੜ ਸੀ, ਪਰ ਇੰਡਸਟਰੀ ‘ਚ ਉਹ ਰਾਜ ਬਰਾੜ ਦੇ ਨਾਂਅ ਨਾਲ ਮਸ਼ਹੂਰ ਸਨ।ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ‘ਚ ਹੀ ਕੀਤੀ ਸੀ । ਰਾਜ ਬਰਾੜ ਮਸ਼ਹੂਰ ਗਾਇਕ ਹੀ ਨਹੀਂ ਸਨ, ਬਲਕਿ ਬਿਹਤਰੀਨ ਗੀਤਕਾਰ ਵੀ ਸਨ ।
ਉਨ੍ਹਾਂ ਦੇ ਲਿਖੇ ਕਈ ਗੀਤ ਵੱਡੇ ਗਾਇਕਾਂ ਨੇ ਗਾਏ ਸਨ। ‘ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ’ ਜੋ ਕਿ ਰਾਜ ਬਰਾੜ ਨੇ ਲਿਖਿਆ ਸੀ ਉਸ ਨੂੰ ਮਸ਼ਹੂਰ ਗਾਇਕ ਹਰਭਜਨ ਮਾਨ ਨੇ ਗਾਇਆ ਹੈ। ਇਸ ਤੋਂ ਇਲਾਵਾ ਹੋਰ ਕਈ ਵੱਡੇ ਗਾਇਕਾਂ ਨੇ ਵੀ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ।ਜਿਸ ‘ਚ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਇੰਦਰਜੀਤ ਨਿੱਕੂ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਸਤਵਿੰਦਰ ਬਿੱਟੀ ਸਣੇ ਕਈ ਗਾਇਕ ਸ਼ਾਮਿਲ ਹਨ । ਰਾਜ ਬਰਾੜ ਜਿੰਨੇ ਵਧੀਆ ਗਾਇਕ ਤੇ ਗੀਤਕਾਰ ਸਨ ਉਸ ਤੋਂ ਵੀ ਜ਼ਿਆਦਾ ਉਹ ਵਧੀਆ ਇਨਸਾਨ ਸਨ। ਉਨ੍ਹਾਂ ਨੇ ਕਈ ਨਵੇਂ ਗਾਇਕਾਂ ਨੂੰ ਵੀ ਗਾਇਕੀ ਦੇ ਖੇਤਰ ‘ਚ ਆਉਣ ‘ਚ ਮਦਦ ਕੀਤੀ ਸੀ । ਜਿਸ ‘ਚ ਸੁਰਜੀਤ ਭੁੱਲਰ,ਬਲਕਾਰ ਅਣਖੀਲਾ ਸਣੇ ਕਈ ਗਾਇਕ ਸ਼ਾਮਿਲ ਹਨ ।
ਰਾਜ ਬਰਾੜ ਦਾ ਸੰਗੀਤਕ ਸਫ਼ਰ
ਰਾਜ ਬਰਾੜ ਦੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਸਨ । ਜਿਸ ‘ਚ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਲੈ ਲਾ ਸਰਪੰਚੀ, ਐਲਬਮ ਸਾਡੀ ਵੇਰੀਂ ਰੰਗ ਮੁੱਕਿਆ, ਦੇਸੀ ਪੌਪ, ਮੇਰੇ ਗੀਤਾਂ ਦੀ ਰਾਣੀ ਸਮੇਤ ਹੋਰ ਕਈ ਐਲਬਮ ਹਨ । ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਡੇ ਵੇਰੀਂ ਰੰਗ ਮੁੱਕਿਆ ਗਾਣੇ ਦੇ ਨਾਲ ਕੀਤੀ ਸੀ ।
ਰਾਜ ਬਰਾੜ ਦੀ ਨਿੱਜੀ ਜ਼ਿੰਦਗੀ
ਰਾਜ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ ਜੋਸ਼ ਬਰਾੜ ਅਤੇ ਸਵੀਤਾਜ ਬਰਾੜ । ਦੋਵੇਂ ਭੈਣ ਭਰਾ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਜੋਸ਼ ਬਰਾੜ ਤਾਂ ਆਪਣੇ ਪਿਤਾ ਵਾਂਗ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ । ਜਦੋਂਕਿ ਸਵੀਤਾਜ ਬਰਾੜ ਨੇ ਵੀ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
- GTC PUNJABI