ਪੰਜਾਬ ਵੀਰਾਂ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਹੈ। ਇੱਥੇ ਕਈ ਮਹਾਨ ਹਸਤੀਆਂ ਹੋਈਆਂ ਹਨ । ਭਾਵੇਂ ਅਦਾਕਾਰੀ ਦੇ ਖੇਤਰ ਨਾਲ ਜੁੜੀਆਂ ਹੋਣ, ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਗਾਇਕੀ ਦਾ ਖੇਤਰ ਹੋਵੇ । ਹਰ ਖੇਤਰ ‘ਚ ਮਸ਼ਹੂਰ ਹਸਤੀਆਂ ਹੋਈਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਭਲਵਾਨ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਦੇ ਨਾਂਅ ਦਾ ਡੰਕਾ ਪੂਰੀ ਦੁਨੀਆ ‘ਚ ਵੱਜਦਾ ਸੀ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਅੰਮ੍ਰਿਤਸਰ ਦੇ ਜੰਮਪਲ ਗਾਮੇ ਭਲਵਾਨ ਦੀ । ਜਿਸ ਦਾ ਜਨਮ 21 ਮਈ 1880 ਨੂੰ ਮੁਹੰਮਦ ਅਜ਼ੀਜ਼ ਬਖਸ਼ ਦੇ ਘਰ ਹੋਇਆ ਸੀ । ਉਸ ਦਾ ਪਿਤਾ ਵੀ ਵੀ ਇੱਕ ਭਲਵਾਨ ਸੀ ਤੇ ਅਕਸਰ ਅਖਾੜਿਆਂ ‘ਚ ਜ਼ੋਰ ਅਜ਼ਮਾਇਸ਼ ਦੇ ਲਈ ਉੱਤਰਦਾ ਸੀ। ‘ਗਾਮਾ ਪਹਿਲਵਾਨ’ ਸ਼ੇਰੇ ਪੰਜਾਬ ਦੇ ਨਾਮ ਨਾਲ ਵੀ ਪ੍ਰਸਿੱਧ ਸੀ ਅਤੇ ਸਤਾਰਾਂ ਸਾਲ ਦੀ ਉਮਰ ‘ਚ ਉਸ ਨੇ ਭਲਵਾਨੀ ਦੇ ਦਾਅ ਪੇਚ ਸਿੱਖ ਲਏ ਸਨ ।

ਪੰਜ ਹਜ਼ਾਰ ਤੋਂ ਵੱਧ ਅਖਾੜਿਆਂ ‘ਚ ਉਤਰਿਆ
ਗਾਮਾ ਭਲਵਾਨ ਨੇ ਆਪਣੀ ਜ਼ਿੰਦਗੀ ‘ਚ ਪੰਜ ਹਜ਼ਾਰ ਤੋਂ ਵੱਧ ਅਖਾੜਿਆਂ ‘ਚ ਭਾਗ ਲਿਆ ਸੀ ਅਤੇ ਉਸ ਨੇ ਜ਼ਿੰਦਗੀ ਭਰ ਕਦੇ ਵੀ ਹਾਰ ਦਾ ਮੂੰਹ ਨਹੀਂ ਸੀ ਵੇਖਿਆ । ਗਾਮੇ ਦਾ ਸਬੰਧ ਦਤੀਆ ਰਿਆਸਤ ਦੇ ਨਾਲ ਸੀ । ਉਥੋਂ ਦੇ ਉੇਸ ਵੇਲੇ ਦੇ ਸ਼ਾਸ਼ਕ ਭਵਾਨੀ ਸਿੰਘ ਨੇ ਅੰਲੂਏ ਜਿਹੇ ਗਾਮੇ ਤੇ ਉਸ ਦੇ ਭਰਾ ਇਮਾਮ ਬਖਸ਼ ਨੂੰ ਆਪਣੀ ਸਰਪ੍ਰਸਤੀ ਹੇਠ ਰੱਖਿਆ ਸੀ, ਪਰ ਜੰਮੂ ਰਿਆਸਤ ਦੇ ਰਾਜਾ ਗੁਲਾਬ ਚੰਦ ਵਲੋਂ ਸਤਾਏ ਜਾਣ ਕਾਰਨ ਗਾਮੇ ਦਾ ਪਰਿਵਾਰ ਪੰਜਾਬ ਆ ਗਿਆ ਸੀ । ਜਿਸ ਤੋਂ ਬਾਅਦ ਗਾਮੇ ਦਾ ਮਾਮਾ ਉਸ ਨੂੰ ਜੋਧਪੁਰ ਦੇ ਰਾਜਾ ਜਸਵੰਤ ਸਿੰਘ ਕੋਲ ਵਰਜ਼ਿਸ਼ ਮੁਕਾਬਲੇ ‘ਚ ਲੈ ਗਿਆ । ਜਿੱਥੇ ਰਾਜੇ ਨੇ ਗਾਮੇ ਨੂੰ ਆਪਣੇ ਸ਼ਾਹੀ ਭਲਵਾਨਾਂ ‘ਚ ਸ਼ਾਮਿਲ ਕਰ ਲਿਆ।ਗਾਮੇ ਨੇ ਮਹਿਜ਼ ਦਸ ਸਾਲਾਂ ਦੀ ਉਮਰ ‘ਚ ਜੋਧਪੁਰ ‘ਚ ਭਲਵਾਨੀ ਦੇ ਮੁਕਾਬਲੇ ‘ਚ ਹਿੱਸਾ ਲਿਆ ਅਤੇ ਛੋਟੀ ਉਮਰੇ ਹੀ ਪੰਜ ਸੌ ਬੈਠਕਾਂ ਅਤੇ ਪੰਜ ਸੌ ਡੰਡ ਕੱਢਣ ‘ਚ ਸਮਰੱਥ ਸੀ । ਜਿਵੇਂ ਜਿਵੇਂ ਗਾਮਾ ਜਵਾਨ ਹੁੰਦਾ ਗਿਆ ਉਸ ਦੀਆਂ ਬੈਠਕਾਂ ਦੀ ਗਿਣਤੀ ਪੰਜ ਹਜ਼ਾਰ ਤੇ ਡੰਡ ਤਿੰਨ ਹਜ਼ਾਰ ਤੱਕ ਜਾ ਪਹੁੰਚੇ ਸਨ ।

ਆਰਥਿਕ ਬਦਹਾਲੀ ‘ਚ ਗੁਜਰਿਆ ਆਖਰੀ ਸਮਾਂ
ਗਾਮੇ ਦੇ ਬੁਰੇ ਦਿਨ ਉਸ ਵੇਲੇ ਸ਼ੁਰੂ ਹੋਏ ਜਦੋਂ ਗਾਮੇ ਦੇ ਪਿਤਾ ਦਾ ਇੰਤਕਾਲ ਹੋ ਗਿਆ । ਗਾਮੇ ਨੇ ਆਪਣੇ ਭਰਾ ਇਮਾਮ ਬਖਸ਼ ਤੇ ਮਾਧੋ ਸਿੰਘ ਤੋਂ ਭਲਵਾਨੀ ਦੇ ਗੁਰ ਸਿੱਖੇ ਸਨ। ਗਾਮੇ ਦਾ ਕੱਦ ਤਾਂ ਸਧਾਰਣ ਜਿਹਾ ਸੀ ਪਰ ਉਸ ਦਾ ਵਜ਼ਨ ਢਾਈ ਸੌ ਪੌਂਡ ਦੇ ਕਰੀਬ ਸੀ ਤੇ ਉਸ ਦੀ ਛਾਤੀ ਛਪੰਜਾ ਇੰਚ ਤੇ ਡੌਲੇ ਸਤਾਰਾਂ ਇੰਚ ਦੇ ਸਨ । ਉਸ ਨੇ ਦੁਨੀਆ ਦੇ ਨਾਮੀ ਭਲਵਾਨਾਂ ਨੂੰ ਚਿੱਤ ਕਰਕੇ ਭਲਵਾਨੀ ਦੇ ਖੇਤਰ ‘ਚ ਆਪਣਾ ਸਿੱਕਾ ਜਮਾਇਆ। ਪਰ ਸੰਨ ਸੰਤਾਲੀ ਦੀ ਵੰਡ ਦੌਰਾਨ ਉਹ ਪਾਕਿਸਤਾਨ ਚਲਾ ਗਿਆ। ਜਿੱਥੇ ਉਸ ਨੂੰ ਆਪਣੀ ਜ਼ਿੰਦਗੀ ਭਰਾ ਇਮਾਮ ਬਖਸ਼ ਤੇ ਭਤੀਜਿਆਂ ਦੇ ਨਾਲ ਬਿਤਾਉਣੀ ਪਈ ।ਜਿੱਥੇ ਉਨ੍ਹਾਂ ਨੂੰ ਆਪਣੇ ਆਖਰੀ ਦਿਨ ਬਦਹਾਲੀ ‘ਚ ਗੁਜ਼ਾਰਨੇ ਪਏ । ਆਪਣੀ ਮਿਹਨਤ ਦੇ ਨਾਲ ਜਿੱਤੀਆਂ ਗੁਰਜਾਂ ਵੀ ਗਾਮੇ ਨੂੰ ਪੇਟ ਦੀ ਅੱਗ ਬੁਝਾਉਣ ਦੇ ਲਈ ਵੇਚਣੀਆਂ ਪਈਆਂ ।ਇਸ ਤਰ੍ਹਾਂ ਭਲਵਾਨੀ ਦੇ ਖੇਤਰ ਦਾ ਇਹ ਸਿਤਾਰਾ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।
- GTC PUNJABI