ਪੰਜਾਬੀ ਇੰਡਸਟਰੀ ‘ਚ ਕਈ ਗਾਇਕ ਹੋਏ ਹਨ । ਜਿਨ੍ਹਾਂ ਨੇ ਆਪਣੀ ਬਿਹਤਰੀਨ ਗਾਇਕੀ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ ।ਉਨ੍ਹਾਂ ਹੀ ਗਾਇਕਾਂ ਵਿੱਚੋਂ ਇੱਕ ਹਨ ਸਤਵਿੰਦਰ ਬਿੱਟੀ (Satwinder Bitti)। ਜਿਨ੍ਹਾਂ ਨੇ 2000 ਦੇ ਸ਼ੁਰੂਆਤੀ ਦੌਰ ‘ਚ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ । ਸਤਵਿੰਦਰ ਬਿੱਟੀ ਦਾ ਜਦੋਂ ਕਿਤੇ ਅਖਾੜਾ ਲੱਗਦਾ ਸੀ ਤਾਂ ਲੋਕ ਏਨੀਂ ਕੁ ਵੱਡੀ ਗਿਣਤੀ ‘ਚ ਪਹੁੰਚ ਜਾਂਦੇ ਸਨ ਕਿ ਤਿਲ ਸੁੱਟਿਆਂ ਧਰਤੀ ‘ਤੇ ਨਹੀਂ ਸੀ ਪੈਂਦਾ ।
ਪਟਿਆਲਾ ਦੀ ਜੰਮਪਲ ਹੈ ਸਤਵਿੰਦਰ ਬਿੱਟੀ
ਸਤਵਿੰਦਰ ਬਿੱਟੀ ਦਾ ਜਨਮ ਪਟਿਆਲਾ ‘ਚ ਹੋਇਆ ਅਤੇ ਇੱਥੇ ਹੀ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕੀਤੀ। ਜਿਸ ਤੋਂ ਬਾਅਦ ਉਹ ਉਚੇਰੀ ਸਿੱਖਿਆ ਲਈ ਚੰਡੀਗੜ੍ਹ ਚਲੀ ਗਈ । ਸਤਵਿੰਦਰ ਬਿੱਟੀ ਦੀ ਦਿਲਚਸਪੀ ਹਾਕੀ ‘ਚ ਸੀ ਅਤੇ ਉਹ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਕਈ ਮੁਕਾਬਲਿਆਂ ‘ਚ ਵੀ ਭਾਗ ਲੈ ਚੁੱਕੀ ਸੀ ।ਉਹ ਹਾਕੀ ਦੀ ਕੈਪਟਨ ਵੀ ਰਹਿ ਚੁੱਕੀ ਹੈ। ਨੈਸ਼ਨਲ ਮੁਕਾਬਲੇ ‘ਚ ਭਾਗ ਲੈਣ ਦੇ ਲਈ ਉਸ ਨੇ ਟ੍ਰਾਈ ਕੀਤਾ ਪਰ ਇਸ ਦੌਰਾਨ ਉਹ ਰਾਜਨੀਤੀ ਦਾ ਸ਼ਿਕਾਰ ਹੋਈ ।ਇੱਕ ਬਿਹਤਰੀਨ ਹਾਕੀ ਖਿਡਾਰਨ ਹੋਣ ਦੇ ਬਾਵਜੂਦ ਉਸ ਦੀ ਪ੍ਰਤਿਭਾ ਨੂੰ ਅੱਖੋਂ ਪਰੋਖੇ ਕੀਤਾ ਗਿਆ ਅਤੇ ਉਸ ਦੀ ਸਿਲੈਕਸ਼ਨ ਹਾਕੀ ਦੇ ਕੌਮੀ ਮੁਕਾਬਲੇ ਦੇ ਲਈ ਨਹੀਂ ਹੋ ਸਕੀ।
ਸਤਵਿੰਦਰ ਬਿੱਟੀ ਨੇ ਗਾਇਕੀ ‘ਚ ਅਜ਼ਮਾਈ ਕਿਸਮਤ
ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਸਤਵਿੰਦਰ ਬਿੱਟੀ ਨੇ ਇਸ ਤੋਂ ਬਾਅਦ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਈ ਅਤੇ ਗਾਇਕੀ ਦੇ ਖੇਤਰ ‘ਚ ਉਸ ਦਾ ਸਿੱਕਾ ਚੱਲ ਪਿਆ । ਗਾਇਕਾ ਨੇ ਮੁੜ ਕੇ ਕਦੇ ਵੀ ਪਿੱਛੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਗਾਇਕਾ ਨੇ ਲੋਕ ਗੀਤਾਂ ਦੇ ਨਾਲ-ਨਾਲ ਧਾਰਮਿਕ ਗੀਤ ਵੀ ਗਾਏ, ਜੋ ਕਿ ਲੋਕਾਂ ‘ਚ ਖੂਬ ਮਕਬੂਲ ਹੋਏ । ਉਨ੍ਹਾਂ ਦੇ ਮਸ਼ਹੂਰ ਗੀਤਾਂ ‘ਚ ਪਾ ਲਓ ਚੂੜੀਆਂ ਤੇ ਬਣ ਜਾਓ ਜਨਾਨੀਆਂ, ਧੰਨ ਤੇਰੀ ਸਿੱਖੀ, ਦੱਸੀ ਕਲਗੀਆਂ ਵਾਲੇ ਵੇ, ਨਗਰ ਕੀਰਤਨ, ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬੋਲੀਆਂ, ਅੱਖਾਂ ਮੀਚ ਕੇ ਬਹਾਨਾ ਕਰਾਂ ਸੌਣ ਦਾ, ਮਹਿੰਦੀ,ਦਿਲ ਦੀ ਛੱਤਰੀ, ਗੱਭਰੂ, ਇਸ਼ਕ ਸਣੇ ਕਈ ਹਿੱਟ ਗੀਤ ਸਤਵਿੰਦਰ ਬਿੱਟੀ ਨੇ ਗਾਏ ਹਨ ।
ਸਤਵਿੰਦਰ ਬਿੱਟੀ ਦੀ ਨਿੱਜੀ ਜ਼ਿੰਦਗੀ
ਗਾਇਕਾ ਸਤਵਿੰਦਰ ਬਿੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਵਿਦੇਸ਼ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਦੇ ਨਾਲ ਹੋਇਆ ਹੈ। ਜਿਨ੍ਹਾਂ ਤੋਂ ਉਨ੍ਹਾਂ ਦੇ ਤਿੰਨ ਬੱਚੇ ਹਨ । ਜਿਸ ‘ਚ ਦੋ ਧੀਆਂ ਅਤੇ ਇੱਕ ਪੁੱਤਰ ਹਨ । ਗਾਇਕਾ ਪਿਛਲੇ ਲੰਮੇਂ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
- GTC PUNJABI