ਮਧੂਬਾਲਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਆਪਣੇ ਸਮੇਂ ‘ਚ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਫ਼ਿਲਮਾਂ ਦੇ ਬਾਰੇ ਨਹੀਂ ਬਲਕਿ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਦਿਲਚਸਪ ਕਿੱਸੇ ਦੇ ਬਾਰੇ ਦੱਸਣ ਜਾ ਰਹੇ ਹਾਂ। ਪ੍ਰਫੈਸਰ ਹਰਪਾਲ ਸਿੰਘ ਪੰਨੂ ਨੇ ਇਸ ਕਿੱਸੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ “ਐਸ ਮਹਿੰਦਰ ਸਿੰਘ ਨੂੰ ਮਧੂਬਾਲਾ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਐਸ ਮਹਿੰਦਰ ਦੇ ਹਵਾਲੇ ਤੋਂ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮਧੂਬਾਲਾ ਭਾਵੇਂ ਜਹਾਜ਼ ‘ਚ ਸਫਰ ਕਰਦੀ, ਟ੍ਰੇਨ ‘ਚ ਜਾਂਦੀ ਜਾਂ ਫਿਰ ਕਾਰ ‘ਚ ਜਾਂਦੀ ।

ਉਹ ਹਮੇਸ਼ਾ ਆਪਣੇ ਪਰਸ ਚੋਂ ਇੱਕ ਪੋਥੀ ਕੱਢਦੀ ਤੇ ਸਿਰ ਢੱਕ ਕੇ ਪੜ੍ਹਨ ਲੱਗ ਪੈਂਦੀ। ਪੋਥੀ ਕਿਹੜੀ ਸੀ ਇਸ ਬਾਰੇ ਪਤਾ ਨਹੀਂ ਸੀ, ਐੱਸ ਮਹਿੰਦਰ ਨੇ ਇਹ ਸਮਝਿਆ ਕਿ ਸ਼ਾਇਦ ਕੁਰਾਨ ਹੋਵੇ।ਪਰ ਇਹ ਪੁੱਛਣਾ ਕਿ ਤੁਸੀਂ ਕੀ ਪੜ੍ਹਦੇ ਹੋ ਮੈਨੂੰ ਇਹ ਗੁਸਤਾਖੀ ਲੱਗਦਾ ਸੀ।ਇੱਕ ਵਾਰ ਅਸੀਂ ਕਿਤੇ ਬੈਠੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਮਧੂਬਾਲਾ ਨੂੰ ਸੱਦਾ ਆ ਗਿਆ ਅਤੇ ਉਹ ਕਹਿੰਦੀ ਕਿ ਉਸਤਾਦ ਜੀ ਇਹ ਮੇਰਾ ਪਰਸ ਪਿਆ ਹੈ ਤੇ ਤੁਸੀਂ ਧਿਆਨ ਰੱਖਿਓ । ਪਰਸ ‘ਤੇ ਹੀ ਉਨ੍ਹਾਂ ਨੇ ਉਹ ਪੋਥੀ ਰੱਖ ਦਿੱਤੀ ।

ਪਰ ਜਦੋਂ ਮੈਂ ਉਹ ਪੋਥੀ ਖੋਲ੍ਹ ਕੇ ਦੇਖੀ ਤਾਂ ਉਹ ਫਾਰਸੀ ‘ਚ ਜਪੁਜੀ ਸਾਹਿਬ ਜੀ ਦੀ ਬਾਣੀ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ ਸਫਰ ਦੌਰਾਨ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਹ ਬੀਮਾਰ ਹੋ ਗਏ ਸਨ ਅਤੇ ਇਸ ਤੋਂ ਬਾਅਦ ਕਿਸੇ ਨੇ ਉਨ੍ਹਾਂ ਨੂੰ ਜਪੁਜੀ ਸਾਹਿਬ ਦਾ ਪਾਠ ਕਰਨ ਦੇ ਲਈ ਆਖਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅੰਧੇਰੀ ਦੇ ਇੱਕ ਗੁਰਦੁਆਰਾ ਸਾਹਿਬ ‘ਚ ਅਰਦਾਸ ਕੀਤੀ ਅਤੇ ਫਾਰਸੀ ‘ਚ ਜਪੁਜੀ ਸਾਹਿਬ ਦਾ ਪਾਠ ਕਰਨ ਲੱਗ ਪਈ ਤੇ ਹੌਲੀ ਹੌਲੀ ਉਸ ਨੂੰ ਬੀਮਾਰੀ ਤੋਂ ਨਿਜ਼ਾਤ ਮਿਲ ਗਈ।ਜਿਸ ਤੋਂ ਬਾਅਦ ਅਦਾਕਾਰਾ ਨੇ ਅੰਧੇਰੀ ਦੇ ਗੁਰਦੁਆਰਾ ਸਾਹਿਬ ‘ਚ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਲੰਗਰ ਦੀ ਸੇਵਾ ਦੀ ਇਜਾਜ਼ਤ ਮੰਗੀ ਅਤੇ ਉਸ ਨੂੰ ਇਜਾਜ਼ਤ ਮਿਲ ਗਈ ਤੇ ਅੱਜ ਵੀ ਉਸ ਦੇ ਨਾਮ ਦਾ ਲੰਗਰ ਲੱਗਦਾ ਹੈ ਤੇ ਉਸ ਦੇ ਨਾਮ ਦੀ ਅਰਦਾਸ ਹੁੰਦੀ ਹੈ।
ਮਧੂ ਬਾਲਾ ਐਗਰੀਮੈਂਟ ਦੌਰਾਨ ਰੱਖਦੀ ਸੀ ਸ਼ਰਤ
ਮਧੂਬਾਲਾ ਆਪਣੀ ਫ਼ਿਲਮ ਸਾਈਨ ਕਰਨ ਦੇ ਦੌਰਾਨ ਸ਼ਰਤ ਰੱਖਦੀ ਸੀ ਕਿ ਮੈਂ ਸ਼ੂਟਿੰਗ ਦੇ ਲਈ ਕਿਤੇ ਵੀ ਜਾਵਾਂਗੀ ਪਰ ਜਿਸ ਦਿਨ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਵੇਗਾ । ਉਸ ਦਿਨ ਮੈਂ ਅੰਧੇਰੀ ਦੇ ਗੁਰਦੁਆਰਾ ਸਾਹਿਬ ‘ਚ ਮੌਜੂਦ ਹੋਵਾਂ ।ਇਹ ਹਰ ਸਾਲ ਗੁਰੁ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਮੇਸ਼ਾ ਉਹ ਅੰਧੇਰੀ ਸਥਿਤ ਗੁਰਦੁਆਰਾ ਸਾਹਿਬ ‘ਚ ਮੌਜੂਦ ਹੁੰਦੀ ਸੀ । ਅੱਜ ਵੀ ਮਧੂਬਾਲਾ ਦੇ ਨਾਂਅ ਦੀ ਅਰਦਾਸ ਅੰਧੇਰੀ ਸਥਿਤ ਗੁਰਦੁਆਰਾ ਸਾਹਿਬ ‘ਚ ਹੁੰਦੀ ਹੈ।
- GTC PUNJABI