ਮਾਪਿਆਂ ਦੀ ਮੌਤ ਤੋਂ ਬਾਅਦ ਸ਼ੋਅ ਕਰਨ ਜਾ ਰਹੇ ਖ਼ਾਨ ਸਾਬ ਹੋਏ ਭਾਵੁਕ, ਕਿਹਾ ਪ੍ਰਬੰਧਕ ਨਹੀਂ ਸਮਝਦੇ ਦਰਦ

ਕਲਾਕਾਰ ਦੀ ਜ਼ਿੰਦਗੀ ‘ਚ ਭਾਵੇਂ ਕਿੰਨੇ ਵੀ ਉਤਰਾਅ ਚੜਾਅ ਕਿਉਂ ਨਾ ਆਉਂਦੇ ਹੋਣ, ਪਰ ਉਨ੍ਹਾਂ ਨੂੰ ਹਮੇਸ਼ਾ ਦੂਜਿਆਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਣੀ ਪੈਂਦੀ ਹੈ। ਗਾਇਕ ਖ਼ਾਨ ਸਾਬ ਵੀ ਇਨ੍ਹੀਂ ਦਿਨੀਂ ਮੁਸ਼ਕਿਲ ਦੌਰ ਚੋਂ ਗੁਜ਼ਰ ਰਹੇ ਹਨ ।

By  Shaminder Kaur Kaler November 3rd 2025 11:59 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਖ਼ਾਨ ਸਾਬ (Khan Saab) ਆਪਣੇ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ‘ਚੋਂ ਗੁਜ਼ਰ ਰਹੇ ਹਨ । ਉਨ੍ਹਾਂ ਦੀ ਮਾਂ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਵੀ ਇਸ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਇੱਕ ਤੋਂ ਬਾਅਦ ਇੱਕ ਸਦਮਾ ਉਨ੍ਹਾਂ ਨੂੰ ਲੱਗਿਆ । ਖ਼ਾਨ ਸਾਬ ਇਸ ਗਮ ਤੋਂ ਉੱਭਰ ਨਹੀਂ ਪਾ ਰਹੇ ।


ਖ਼ਾਨ ਸਾਬ ਆਪਣੇ ਮਾਪਿਆਂ ਦੇ ਵਿਛੋੜੇ ਦੇ ਦੁੱਖ ਤੋਂ ਹਾਲੇ ਉੱਭਰੇ ਵੀ ਨਹੀਂ ਹਨ ਕਿ ਉਨ੍ਹਾਂ ਨੂੰ ਸ਼ੋਅ ਕਰਨ ਦੇ ਲਈ ਜਾਣਾ ਪੈ ਰਿਹਾ ਹੈ। ਕਿਉਂਕਿ ਪ੍ਰਬੰਧਕਾਂ ਦੇ ਵੱਲੋਂ ਉਨ੍ਹਾਂ ‘ਤੇ ਸ਼ੋਅ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗਾਇਕ ਨੇ ਆਪਣਾ ਦਰਦ ਬਿਆਨ ਕੀਤਾ ਹੈ। 

ਖ਼ਾਨ ਸਾਬ ਦੀਆਂ ਅੱਖਾਂ ਚੋਂ ਆਏ ਹੰਝੂ 

ਪੰਜਾਬੀ ਗਾਇਕ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ‘ਮੈਂ ਆਗਰਾ ‘ਚ ਇੱਕ ਸ਼ੋਅ ਕਰਨ ਜਾ ਰਿਹਾ ਹਾਂ। ਮੇਰੀ ਮਾਂ ਦੇ ਦਿਹਾਂਤ ਨੂੰ ਹਾਲੇ ਇੱਕ ਮਹੀਨਾ ਤੇ ਮੇਰੇ ਅੱਬੂ ਦੇ ਦਿਹਾਂਤ ਨੂੰ ਮਹਿਜ਼ ਵੀਹ ਹੀ ਦਿਨ ਹੋਏ ਹਨ ।ਪਰ ਪ੍ਰਬੰਧਕ ਮੇਰੀ ਮਜਬੂਰੀ ਨੂੰ ਨਹੀਂ ਸਮਝਦੇ ।ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ੋਅ ਪਹਿਲਾਂ ਤੋਂ ਹੀ ਬੁੱਕ ਕੀਤਾ ਗਿਆ ਹੈ। ਇਸ ਨੂੰ ਤੁਸੀਂ ਰੱਦ ਨਹੀਂ ਕਰ ਸਕਦੇ ।ਇਹ ਦੱਸਦੇ ਹੋਏ ਖ਼ਾਨ ਸਾਬ ਦਾ ਗਲਾ ਭਰ ਆਇਆ ਅਤੇ ਉਨ੍ਹਾਂ ਦੀਆਂ ਅੱਖਾਂ ਚੋਂ ਤਿਪ-ਤਿਪ ਕਰਕੇ ਅੱਥਰੂ ਡਿੱਗਣ ਲੱਗ ਪਏ । ਖ਼ਾਨ ਸਾਬ ਦਾ ਇਹ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। 


© Copyright Galactic Television & Communications Pvt. Ltd. 2026. All rights reserved.