ਲੁਧਿਆਣਾ ‘ਚ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ
ਪੰਜਾਬ ‘ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ । ਦਿਨਦਿਹਾੜੇ ਅਪਰਾਧੀਆਂ ਦੇ ਵੱਲੋਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਹੁਣ ਪੰਜਾਬੀ ਗਾਇਕ ਅਮਨ ਸਹੋਤਾ ਤੇ ਜਾਨਲੇਵਾ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ‘ਚ ਅਪਰਾਧਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਸ਼ਰੇਆਮ ਲੁੱਟ ਖੋਹ, ਡਕੈਤੀ, ਕਤਲ ਦੀਆਂ ਵਾਰਦਾਤਾਂ ਨੂੰ ਅਪਰਾਧੀਆਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ । ਜਿੱਥੇ ਪੰਜਾਬੀ ਗਾਇਕ ਅਮਨ ਸਹੋਤਾ (Aman Sahota) ਤੇ ਚਾਰ ਪੰਜ ਹਮਲਾਵਰਾਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਹਮਲੇ ‘ਚ ਅਮਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਗੰਭੀਰ ਹਾਲਤ ‘ਚ ਜ਼ਖਮੀ ਹੋਏ ਅਮਨ ਸਹੋਤਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਗਾਇਕ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਸਿਰ ਦੀ ਹੱਡੀ ਦੇ ਹੋਏ ਦੋ ਟੁਕੜੇ
ਡਾਕਟਰਾਂ ਦੇ ਮੁਤਾਬਕ ਗਾਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।ਡਾਕਟਰਾਂ ਨੂੰ ਸ਼ੱਕ ਹੈ ਕਿ ਅਮਨ ਦੀ ਸਿਰ ਦੀ ਹੱਡੀ ਦੇ ਦੋ ਟੁਕੜੇ ਹੋ ਗਏ ਹਨ ਅਤੇ ਉਸ ਦੀ ਇੱਕ ਅੱਖ ਤੱਕ ਬਾਹਰ ਆ ਗਈ ਹੈ।ਅਮਨ ਦੁੱਗਰੀ ਇਲਾਕੇ ਦੇ ਹਿੰਮਤ ਨਗਰ ਦਾ ਰਹਿਣ ਵਾਲਾ ਹੈ ਅਤੇ ਸਟੇਜ ਸ਼ੋਅ ਕਰਦਾ ਹੈ। ਅਮਨ ਦੇ ਦੋਸਤ ਮੁਤਾਬਕ ਉਹ ਕਿਸੇ ਕੰਮ ਦੇ ਲਈ ਅੰਬੇਦਕਰ ਨਗਰ ਗਿਆ ਸੀ, ਜਿੱਥੇ ਉਸ ਨੂੰ ਕੁਝ ਲੋਕਾਂ ਨੇ ਘੇਰ ਕੇ ਮਾਰਿਆ । ਹਮਲੇ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ ਹੈ।