ਅੰਮ੍ਰਿਤਸਰ ‘ਚ ਬਾਲੀਵੁੱਡ ਦੀ ਆਉਣ ਵਾਲੀ ਫਿਲਮ ‘ਅੱਸੀ’ (Assi)ਦੀ ਪ੍ਰਮੋਸ਼ਨ ਲਈ ਫਿਲਮ ਨਾਲ ਜੁੜੇ ਮਸ਼ਹੂਰ ਅਦਾਕਾਰ ਅਤੇ ਡਾਇਰੈਕਟਰ ਅੰਮ੍ਰਿਤਸਰ ਪੁੱਜੇ। ਇਸ ਮੌਕੇ ਬਾਲੀਵੁੱਡ ਦੇ ਹਰਮਨ ਪਿਆਰੇ ਅਦਾਕਾਰ ਮਨੋਜ ਪਾਹਵਾ, ਦਮਦਾਰ ਅਭਿਨੈ ਲਈ ਜਾਣੇ ਜਾਂਦੇ ਕੁਮੁਦ ਮਿਸ਼ਰਾ ਅਤੇ ਪ੍ਰਸਿੱਧ ਡਾਇਰੈਕਟਰ ਅਨੁਭਵ ਸਿਨ੍ਹਾ ਹਾਜ਼ਰ ਰਹੇ। ਤਿੰਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਫਿਲਮ ਨਾਲ ਸੰਬੰਧਤ ਕਈ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਡਾਇਰੈਕਟਰ ਅਨੁਭਵ ਸਿਨ੍ਹਾ ਇਸ ਤੋਂ ਪਹਿਲਾਂ ‘ਤੁਮ ਬਿਨ’, ‘ਮੁਲਕ’, ‘ਆਰਟੀਕਲ ੧੫’ ਅਤੇ ‘ਥੱਪੜ’ ਵਰਗੀਆਂ ਚਰਚਿਤ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਅਦਾਕਾਰ ਮਨੋਜ ਪਾਹਵਾ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਫਿਲਮ ‘ਅੱਸੀ’ ਆਉਣ ਵਾਲੀ 20 ਫਰਵਰੀ ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੀ ਲੜੀ ਤਹਿਤ ਉਹ ਅੰਮ੍ਰਿਤਸਰ ਪਹੁੰਚੇ ਹਨ ਤਾਂ ਜੋ ਦਰਸ਼ਕਾਂ ਨਾਲ ਸਿੱਧਾ ਸੰਵਾਦ ਕਰਕੇ ਫਿਲਮ ਦੀ ਪ੍ਰਚਾਰ-ਪ੍ਰਸਾਰ ਕੀਤਾ ਜਾ ਸਕੇ। ਮਨੋਜ ਪਾਹਵਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਨਾਲ ਉਨ੍ਹਾਂ ਦਾ ਖਾਸ ਨਾਤਾ ਹੈ ਅਤੇ ਇੱਥੋਂ ਮਿਲਣ ਵਾਲਾ ਪਿਆਰ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦਾ ਹੈ।ਮਨੋਜ ਪਾਹਵਾ ਨੇ ਫਿਲਮ ਦੀ ਕਹਾਣੀ ਬਾਰੇ ਦੱਸਿਆ ਕਿ ‘ਅੱਸੀ’ ਇੱਕ ਸੋਸ਼ਲ ਥ੍ਰਿਲਰ ਡਰਾਮਾ ਹੈ, ਜੋ ਦਰਸ਼ਕਾਂ ਨੂੰ ਕਿਤੇ ਵੀ ਬੋਰ ਨਹੀਂ ਕਰੇਗੀ। ਇਹ ਫਿਲਮ ਸਮਾਜ ਵਿੱਚ ਰੋਜ਼ਾਨਾ ਸਾਹਮਣੇ ਆਉਣ ਵਾਲੀਆਂ ਘਟਨਾਵਾਂ, ਕੁਰੀਤੀਆਂ ਅਤੇ ਗੰਭੀਰ ਮੁੱਦਿਆਂ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਇਹ ਕਹਾਣੀ ਭਾਵੇਂ ਕਾਲਪਨਿਕ ਹੈ, ਪਰ ਪੂਰੀ ਤਰ੍ਹਾਂ ਕਲਪਨਾ ਤੋਂ ਦੂਰ ਨਹੀਂ, ਕਿਉਂਕਿ ਅਜਿਹੀਆਂ ਘਟਨਾਵਾਂ ਅਸੀਂ ਹਰ ਰੋਜ਼ ਅਖ਼ਬਾਰਾਂ ਅਤੇ ਖ਼ਬਰਾਂ ਵਿੱਚ ਵੇਖਦੇ ਰਹਿੰਦੇ ਹਾਂ। ਇਨ੍ਹਾਂ ਹੀ ਖ਼ਬਰਾਂ ਤੋਂ ਪ੍ਰੇਰਿਤ ਹੋ ਕੇ ਇਸ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਹੋਰ ਕਿਹਾ ਕਿ ਇਹ ਫਿਲਮ ਕਿਸੇ ਨੂੰ ਉਪਦੇਸ਼ ਦੇਣ ਲਈ ਨਹੀਂ ਬਣਾਈ ਗਈ, ਸਗੋਂ ਇਹ ਇੱਕ ਕੋਰਟ ਕੇਸ, ਜਾਂਚ ਅਤੇ ਥ੍ਰਿਲਰ ਦੇ ਰੂਪ ਵਿੱਚ ਅੱਗੇ ਵਧਦੀ ਹੈ। ਦਰਸ਼ਕ ਇਸ ਵਿੱਚ ਇੱਕ ਦਿਲਚਸਪ ਕੋਰਟ ਰੂਮ ਡਰਾਮਾ ਵੀ ਵੇਖਣਗੇ, ਜਿੱਥੇ ਸਵਾਲ-ਜਵਾਬ ਅਤੇ ਸੱਚ ਦੀ ਖੋਜ ਦਿਖਾਈ ਦੇਵੇਗੀ। ਮਨੋਜ ਪਾਹਵਾ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਇਹ ਫਿਲਮ ਵੇਖੀ ਹੈ, ਉਨ੍ਹਾਂ ਨੂੰ ਇਹ ਬਹੁਤ ਪਸੰਦ ਆਈ ਹੈ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਵੀ ਇਸ ਨੂੰ ਸਰਾਹਣਗੇ।
ਇਸ ਦੌਰਾਨ ਡਾਇਰੈਕਟਰ ਅਨੁਭਵ ਸਿਨ੍ਹਾ ਨੇ ਕਿਹਾ ਕਿ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਜਿਹੀਆਂ ਫਿਲਮਾਂ ਬਣਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅਨੁਸਾਰ ‘ਅੱਸੀ’ ਇੱਕ ਅਜਿਹੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਸੋਚਣ ‘ਤੇ ਮਜਬੂਰ ਕਰੇਗੀ ਅਤੇ ਲੰਬੇ ਸਮੇਂ ਤੱਕ ਯਾਦ ਰਹੇਗੀ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਫਿਲਮ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ੨੦ ਫਰਵਰੀ ਨੂੰ ਸਿਨੇਮਾਘਰਾਂ ਵਿੱਚ ਜਾ ਕੇ ਫਿਲਮ ‘ਅੱਸੀ’ ਜ਼ਰੂਰ ਵੇਖਣ।
- GTC PUNJABI