ਸੰਗੀਤ ਸਮਰਾਟ ਚਰਨਜੀਤ ਆਹੁਜਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਸੰਗੀਤਕ ਸਫ਼ਰ ਬਾਰੇ

ਪੰਜਾਬੀ ਸੰਗੀਤ ਸਮਰਾਟ ਚਰਨਜੀਤ ਆਹੂਜਾ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਬਾਰੇ ਦੱਸਾਂਗੇ ।ਚਰਨਜੀਤ ਆਹੁਜਾ ਦਾ ਜਨਮ 29 ਨਵੰਬਰ 1953 ਨੂੰ ਹੋਇਆ ਸੀ।

By  Shaminder Kaur Kaler November 29th 2025 12:32 PM -- Updated: November 29th 2025 12:37 PM

ਪੰਜਾਬੀ ਸੰਗੀਤ ਸਮਰਾਟ ਚਰਨਜੀਤ ਆਹੂਜਾ ( Charanjit Ahuja) ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਦੇ ਬਾਰੇ ਦੱਸਾਂਗੇ ।ਚਰਨਜੀਤ ਆਹੁਜਾ ਦਾ ਜਨਮ 29 ਨਵੰਬਰ 1953 ਨੂੰ ਹੋਇਆ ਸੀ। ਉਹ ਪੰਜਾਬੀ ਇੰਡਸਟਰੀ ਦੇ ਸੰਗੀਤ ਸਮਰਾਟ ਦੇ ਵਜੋਂ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਪੰਜਾਬੀ ਸੰਗੀਤ ਦਾ ਸ਼ਿਲਪਕਾਰ ਕਿਹਾ ਜਾਂਦਾ ਸੀ । ਉਨ੍ਹਾਂ ਨੇ 1980 ਤੇ 1990 ਦੇ ਦਹਾਕੇ ‘ਚ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿਵਾਈ ਸੀ।


ਕਈ ਨਾਮੀ ਗਾਇਕਾਂ ਨੂੰ ਦਿਵਾਈ ਪਛਾਣ 

ਚਰਨਜੀਤ ਆਹੂਜਾ ਨੇ ਆਪਣੇ ਸੰਗੀਤ ਦੇ ਨਾਲ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿਵਾਈ ਸੀ । ਇਸ ਦੇ ਨਾਲ ਹੀ ਉਨ੍ਹਾਂ ਦੇ ਸੰਗੀਤ ‘ਚ ਸੱਜੇ ਗੀਤ ਏਨੇ ਕੁ ਮਕਬੂਲ ਹੋਏ ਕਿ ਕਈਆਂ ਗਾਇਕਾਂ ਨੂੰ ਇਨ੍ਹਾਂ ਗੀਤਾਂ ਦੇ ਨਾਲ ਪਛਾਣ ਮਿਲੀ । ਜਿਸ ‘ਚ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ,ਹਰਭਜਨ ਮਾਨ,ਜਸਬੀਰ ਜੱਸੀ,ਸਤਵਿੰਦਰ ਬੁੱਗਾ ਅਤੇ ਚਮਕੀਲਾ ਸ਼ਾਮਿਲ ਸਨ । ਉਨ੍ਹਾਂ ਦੇ ਸੰਗੀਤਕ ਧੁਨਾਂ ਦੇ ਨਾਲ ਸਜਾਏ ਗੀਤਾਂ ਦੀਆਂ ਧੁਨਾਂ ਤੇ ਅੱਜ ਵੀ ਲੋਕ ਥਿਰਕਦੇ ਨੇ ।ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ਦੇ ਲਈ ਵੀ ਸੰਗੀਤ ਤਿਆਰ ਕੀਤਾ । ਜਿਸ ‘ਚ ਕੀ ਬਣੂੰ ਦੁਨੀਆ ਦਾ, ਗੱਭਰੂ ਪੰਜਾਬ ਦਾ, ਦੁਸ਼ਮਣੀ ਜੱਟਾਂ ਦੀ ਸਣੇ ਕਈ ਫ਼ਿਲਮਾਂ ਦੇ ਲਈ ਸੰਗੀਤ ਤਿਆਰ ਕੀਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ‘ਕੋਹਰਾ’ ਲਈ ਵੀ ਸੰਗੀਤ ਦਿੱਤਾ ਸੀ । 

21ਸਤੰਬਰ 2025ਨੂੰ ਹੋਇਆ ਦਿਹਾਂਤ 

ਚਰਨਜੀਤ ਆਹੂਜਾ ਦਾ ਦਿਹਾਂਤ 21 ਸਤੰਬਰ 2025 ਨੂੰ ਮੁਹਾਲੀ ਸਥਿਤ ਉਨ੍ਹਾਂ ਦੇ ਘਰ ‘ਚ ਹੋਇਆ ਸੀ।ਉਹ ਕੈਂਸਰ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੰਡੀਗੜ੍ਹ ‘ਚ ਚੱਲ ਰਿਹਾ ਸੀ।ਪਰ ਕਾਫੀ ਇਲਾਜ ਤੋਂ ਬਾਅਦ ਉਨ੍ਹਾਂ ਨੇ ਇਸੇ ਸਾਲ ਸਤੰਬਰ ਦੇ ਮਹੀਨੇ ‘ਚ ਆਖਰੀ ਸਾਹ ਲਏ ਸਨ ।ਚਰਨਜੀਤ ਆਹੂਜਾ ਆਪਣੇ ਪਿੱਛੇ ਪਤਨੀ ਸੰਗੀਤਾ ਆਹੂਜਾ ਅਤੇ ਤਿੰਨ ਪੁੱਤਰਾਂ ਨੂੰ ਛੱਡ ਗਏ ਹਨ । ਜੋ ਸੰਗੀਤ ਦੇ ਨਾਲ ਜੁੜੇ ਹੋਏ ਹਨ । ਉਨ੍ਹਾਂ ਦੇ ਪੁੱਤਰ ਸਚਿਨ ਆਹੂਜਾ ਵੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਮਿਊਜ਼ਿਕ ਪ੍ਰੋਡਿਊਸਰ ਹਨ।ਬੇਸ਼ੱਕ ਅੱਜ ਚਰਨਜੀਤ ਆਹੂਜਾ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਵੱਲੋਂ ਤਿਆਰ ਕੀਤੀਆਂ ਸੰਗੀਤ ਧੁਨਾਂ ਦੀ ਬਦੌਲਤ ਉਹ ਸਾਡੇ ਦਰਮਿਆਨ ਹਮੇਸ਼ਾ ਮੌਜੂਦ ਰਹਿਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ।

 

© Copyright Galactic Television & Communications Pvt. Ltd. 2026. All rights reserved.