ਦਾਰਾ ਸਿੰਘ ਦੀ ਅੱਜ ਹੈ ਜਨਮ ਵਰ੍ਹੇਗੰਢ, ਜਾਣੋ ਅੰਮ੍ਰਿਤਸਰ ਦੇ ਰਹਿਣ ਵਾਲੇ ਦਾਰਾ ਸਿੰਘ ਭਲਵਾਨੀ ਕਰਦੇ-ਕਰਦੇ ਕਿਵੇਂ ਆਏ ਅਦਾਕਾਰੀ ਦੇ ਖੇਤਰ ‘ਚ

ਮਰਹੂਮ ਅਦਾਕਾਰ ਤੇ ਭਲਵਾਨ ਦਾਰਾ ਸਿੰਘ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ । ਅੱਜ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਕੁਝ ਗੱਲਾਂ ਤੁਹਾਨੂੰ ਅਸੀਂ ਦੱਸਾਂਗੇ ।

By  Shaminder Kaur Kaler November 19th 2025 02:41 PM -- Updated: November 19th 2025 03:06 PM

 19 ਨਵੰਬਰ 1928 ਨੂੰ ਅੰਮ੍ਰਿਤਸਰ ਦੇ ਧਰਮੂਚੱਕ ‘ਚ  ਦਾਰਾ ਸਿੰਘ (Dara Singh) ਦਾ ਜਨਮ ਹੋਇਆ ਸੀ । ਉਨ੍ਹਾਂ ਦੇ ਪਿਤਾ ਦਾ ਨਾਮ ਸੁਰਤ ਸਿੰਘ ਰੰਧਾਵਾ ਅਤੇ ਮਾਂ ਦਾ ਨਾਂਅ ਬਲਵੰਤ ਕੌਰ ਸੀ । ਬਚਪਨ ‘ਚ ਹੀ ਦਾਰਾ ਸਿੰਘ ਨੂੰ ਕੁਸ਼ਤੀ ਦਾ ਸ਼ੌਂਕ ਸੀ ਅਤੇ ਇਸ ਸ਼ੌਂਕ ਦੀ ਬਦੌਲਤ ਉਨ੍ਹਾਂ ਨੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਭਲਵਾਨਾਂ ਦੇ ਦੰਦ ਖੱਟੇ ਕੀਤੇ ਸਨ।ਦਾਰਾ ਸਿੰਘ ਨੇ ਪੰਜ ਸੌ ਦੇ ਕਰੀਬ ਕੁਸ਼ਤੀ ਮੁਕਾਬਲਿਆਂ ‘ਚ ਭਾਗ ਲਿਆ ਸੀ ਅਤੇ ਹਰ ਮੁਕਾਬਲੇ ‘ਚ ਜਿੱਤ ਹਾਸਲ ਕੀਤੀ ਸੀ । ਦਾਰਾ ਸਿੰਘ ਇੱਕ ਵੀ ਕੁਸ਼ਤੀ ਹਾਰੇ ਨਹੀਂ ਸਨ।


ਦਾਰਾ ਸਿੰਘ ਨੇ ਸਿੰਗਾਪੁਰ ‘ਚ ਪਹੁੰਚ ਕੇ ਮਲੇਸ਼ੀਆ ਦੇ ਪਹਿਲਵਾਨਾਂ ਨੂੰ ਧੂੜ ਚਟਾਈ ਸੀ । 1954 ‘ਚ ਉਹ ਕੁਸ਼ਤੀ ਚੈਂਪੀਅਨ ਬਣੇ। ਕੁਸ਼ਤੀ ‘ਚ ਉਨ੍ਹਾਂ ਦਾ ਦਬਦਬਾ ਏਨਾਂ ਕੁ ਸੀ ਕਿ ਅਖਾੜੇ ‘ਚ ਵਿਸ਼ਵ ਚੈਂਪੀਅਨ ਵੀ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਪਾਏ । ਉਨ੍ਹਾਂ ਨੂੰ ਫ੍ਰੀ ਸਟਾਈਲ ਕੁਸ਼ਤੀ ਦੇ ਬਾਦਸ਼ਾਹ ਕਹਿ ਲਿਆ ਜਾਵੇ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ।ਦਾਰਾ ਸਿੰਘ ਨੇ ਹਰ ਮੁਕਾਬਲੇ ‘ਚ ਜਿੱਤ ਹਾਸਲ ਕੀਤੀ ।1983 ‘ਚ ਉਨ੍ਹਾਂ ਨੇ ਆਖਿਰੀ ਮੁਕਾਬਲਾ ਲੜਿਆ ਅਤੇ ਫਿਰ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ । ਉਨ੍ਹਾਂ ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਕਦੇ ਨਾ ਹਾਰਨ ਵਾਲੇ ਪਹਿਲਵਾਨ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਸੀ । 

ਰਾਮਾਇਣ ‘ਚ ਨਿਭਾਈ ਹਨੂੰਮਾਨ ਦੀ ਭੂਮਿਕਾ

ਦਾਰਾ ਸਿੰਘ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ । 1952 ‘ਚ ਆਈ ਸੰਗਦਿਲ ਫ਼ਿਲਮ ਦੇ ਨਾਲ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਕਈ ਛੋਟੇ ਮੋਟੇ ਕਿਰਦਾਰ ਨਿਭਾਏ ਅਤੇ ਸਾਲ 1962 ‘ਚ ਉਨ੍ਹਾਂ ਨੇ ਕਿੰਗ ਕੌਂਗ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਇਆ । ਦਾਰਾ ਸਿੰਘ ਨੇ ਲੇਖਨ ਅਤੇ ਨਿਰਦੇਸ਼ਨ ਦੇ ਖੇਤਰ ‘ਚ ਵੀ ਕੰਮ ਕੀਤਾ ਸੀ ਅਤੇ ਆਖਿਰਕਾਰ ਬਹੁਮੁਖੀ ਪ੍ਰਤਿਭਾ ਦਾ ਧਨੀ ਇਹ ਅਦਾਕਾਰ ਤੇ ਭਲਵਾਨ 12 ਜੁਲਾਈ 2012 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ । 

© Copyright Galactic Television & Communications Pvt. Ltd. 2026. All rights reserved.