ਨਿੰਮਾ ਲੁਹਾਰਕਾ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਇਹ ਪੁਲਿਸ ਅਧਿਕਾਰੀ

ਗੀਤਕਾਰ ਨਿੰਮਾ ਲੁਹਾਰਕਾ ਦੇ ਪਰਿਵਾਰ ਦੀ ਮਦਦ ਲਈ ਏ.ਐੱਸ.ਆਈ. ਦਲਜੀਤ ਸਿੰਘ ਅੱਗੇ ਆਏ ਨੇ । ਉਹਨਾਂ ਨੇ ਨਿੰਮਾ ਦੇ ਪਿੰਡ ਪਹੁੰਚ ਕੇ ਪਰਿਵਾਰ ਦੇ ਹਲਾਤਾਂ ਦਾ ਜਾਇਜ਼ਾ ਲਿਆ ਹੈ । ਏ.ਐੱਸ.ਆਈ. ਦਲਜੀਤ ਸਿੰਘ ਨੇ ਨਿੰਮਾ ਲੁਹਾਰਕਾ ਦੀ ਬੇਟੀ ਦੀ ਪੜ੍ਹਾਈ ਦਾ ਪੂਰਾ ਖਰਚਾ ਉਠਾਣ ਦਾ ਐਲਾਨ ਕੀਤਾ ਹੈ ।

By  Shaminder Kaur Kaler November 25th 2025 11:50 AM

ਗੀਤਕਾਰ ਨਿੰਮਾ ਲੁਹਾਰਕਾ (Nimma Loharka) ਦੇ ਪਰਿਵਾਰ ਦੀ ਮਦਦ ਲਈ ਏ.ਐੱਸ.ਆਈ. ਦਲਜੀਤ ਸਿੰਘ ਅੱਗੇ ਆਏ ਨੇ । ਉਹਨਾਂ ਨੇ ਨਿੰਮਾ ਦੇ ਪਿੰਡ ਪਹੁੰਚ ਕੇ ਪਰਿਵਾਰ ਦੇ ਹਲਾਤਾਂ ਦਾ ਜਾਇਜ਼ਾ ਲਿਆ ਹੈ । ਏ.ਐੱਸ.ਆਈ. ਦਲਜੀਤ ਸਿੰਘ ਨਿੰਮਾ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਸਨ । ਏ.ਐੱਸ.ਆਈ. ਦਲਜੀਤ ਸਿੰਘ ਨੇ ਨਿੰਮਾ ਲੁਹਾਰਕਾ ਦੀ ਬੇਟੀ ਦੀ ਪੜ੍ਹਾਈ ਦਾ ਪੂਰਾ ਖਰਚਾ ਉਠਾਣ ਦਾ ਐਲਾਨ ਕੀਤਾ ਹੈ ।


ਉਹਨਾਂ ਨੇ ਕਿਹਾ ਕਿ ਜਿਨਾਂ ਚਿਰ ਨਿੰਮਾ ਦੀ ਬੇਟੀ ਪੜ੍ਹਨਾ ਚਾਹੇਗੀ ਉਹਨਾਂ ਚਿਰ ਉਹ ਉਸ ਦਾ ਖਰਚਾ ਚੁੱਕਣਗੇ । ਨਿੰਮਾ ਲੁਹਾਰਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਨਿੰਮਾ ਆਪਣੀ ਬੇਟੀ ਨੂੰ ਅਫਸਰ ਬਣਾਉਣਾ ਚਾਹੁੰਦੇ ਸਨ ।


ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਮਾ ਦਾ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ ।ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇਣ ਦੇ ਬਾਵਜੂਦ ਉਹ ਗੁਮਨਾਮੀ ਦਾ ਹਨੇਰਾ ਢੋਹਦੇ ਰਹੇ ਜਿਸ ਕਰਕੇ ਉਹਨਾਂ ਦੇ ਆਰਥਿਕ ਹਲਾਤ ਕਾਫੀ ਮਾੜੇ ਹੋ ਗਏ ਸਨ ।


ਨਿੰਮਾ ਲੋਹਾਰਕਾ ਦੀ ਨਿੱਜੀ ਜ਼ਿੰਦਗੀ 

ਨਿੰਮਾ ਲੋਹਾਰਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਮਾਰਚ 1977 ਨੂੰ ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਪਿੰਡ ਲੋਹਾਰਕਾ ‘ਚ ਹੋਇਆ ਸੀ।ਪਿਤਾ ਦਰਸ਼ਨ ਸਿੰਘ ਤੇ ਮਾਂ ਦਲਬੀਰ ਕੌਰ ਦੇ ਘਰ ਜਨਮੇ ਨਿੰਮੇ ਨੂੰ ਲਿਖਣ ਦਾ ਸ਼ੌਂਕ ਸੀ ਤੇ ਇਹੀ ਸ਼ੌਂਕ ਉਨ੍ਹਾਂ ਨੂੰ ਗੀਤਕਾਰੀ ਦੇ ਖੇਤਰ ‘ਚ ਲੈ ਆਇਆ । ਉਨ੍ਹਾਂ ਦਾ ਅਸਲੀ ਨਾਂਅ ਨਿਰਮਲ ਸਿੰਘ ਹੈ ।


1995  ‘ਚ ਰਿਲੀਜ਼ ਹੋਇਆ ਪਹਿਲਾ ਗੀਤ 

ਨਿੰਮਾ ਲੋਹਾਰਕਾ ਦਾ ਪਹਿਲਾ ਗੀਤ 1995 ‘ਚ ਰਿਲੀਜ਼ ਹੋ ਗਿਆ ਸੀ ।ਉਸ ਵੇਲੇ ਨਿੰਮਾ ਲੋਹਾਰਕਾ ਲੁਧਿਆਣਾ ‘ਚ ਹੀ ਰਹਿੰਦਾ ਸੀ।ਛੋਟੀ ਉਮਰ ‘ਚ ਉਸ ਦਾ ਪਹਿਲਾ ਗੀਤ ਰਿਕਾਰਡ ਹੋਣਾ ਉਸ ਸਮੇਂ ਗੀਤਕਾਰ ਦੀ ਵੱਡੀ ਉਪਲਬਧੀ ਸੀ।


ਪਹਿਲਾਂ ਗੀਤ ਦੂਰਦਰਸ਼ਨ ਤੇ ਪ੍ਰਸਾਰਿਤ ਹੋਇਆ ਸੀ ਜਦੋਂਕਿ ਨਿੰਮੇ ਦਾ ਦੂਜਾ ਗੀਤ ਕੁਲਦੀਪ ਮਾਣਕ ਦੇ ਭਤੀਜੇ ਪ੍ਰਗਟ ਖ਼ਾਨ ਨੇ ਗਾਇਆ ਸੀ । ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ ‘ਹਾਏ ਓਏ ਰੱਬਾ ਉੱਚੀਆਂ ਹਵੇਲੀਆਂ ਬਚਪਨ ਦਾ ਪਿਆਰ ਖੋਹ ਕੇ ਲੈ ਗਈਆਂ’ ।


© Copyright Galactic Television & Communications Pvt. Ltd. 2026. All rights reserved.