ਗਾਇਕ ਖ਼ਾਨ ਸਾਬ ਨੂੰ ਡੂੰਘਾ ਸਦਮਾ, ਮਾਂ ਦੇ ਦਿਹਾਂਤ ਤੋਂ ਬਾਅਦ ਖ਼ਾਨ ਸਾਬ ਦੇ ਪਿਤਾ ਦਾ ਵੀ ਹੋਇਆ ਦਿਹਾਂਤ
ਪਿਓ ਸਿਰਾਂ ਦੇ ਤਾਜ ਮੁਹੰਮਦ, ਮਾਂਵਾਂ ਠੰਢੀਆਂ ਛਾਵਾਂ…ਜੀ ਹਾਂ ਬੱਚਿਆਂ ਦੇ ਸਿਰ ‘ਤੇ ਮਾਪਿਆਂ ਦਾ ਸਾਇਆ ਹੋਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਬੱਚਿਆਂ ਦੇ ਮਾਪੇ ਨਹੀਂ ਹੁੰਦੇ ਇਸ ਦਾ ਦਰਦ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਇਸ ਦਰਦ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਵੇ ।ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ, ਪਰ ਮਾਪਿਆਂ ਲਈ ਉਹ ਬੱਚੇ ਹੀ ਰਹਿੰਦੇ ਹਨ, ਪਰ ਜਦੋਂ ਜਹਾਨੋਂ ਕਿਸੇ ਬੱਚੇ ਦੇ ਮਾਪੇ ਚਲੇ ਜਾਣ ਤਾਂ ਪਿੱਛੋਂ ਮਾਪਿਆਂ ਤੋਂ ਬਗੈਰ ਬੱਚਿਆਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ ।ਖ਼ਾਨ ਸਾਬ ਨੇ ਪਹਿਲਾਂ ਆਪਣੀ ਮਾਂ ਨੂੰ ਗੁਆਇਆ ਤੇ ਹੁਣ ਉਨ੍ਹਾਂ ਦੇ ਪਿਤਾ ਵੀ ਇਸ ਜਹਾਨ ਨੂੰ ਅਲਵਿਦਾ ਆਖ ਗਏ ਹਨ ।
ਮਸ਼ਹੂਰ ਪੰਜਾਬੀ ਗਾਇਕ ਖ਼ਾਨ ਸਾਬ (Khan Saab) ਨੂੰ ਮਾਂ ਦੇ ਦਿਹਾਂਤ ਤੋਂ ਬਾਅਦ ਇੱਕ ਹੋਰ ਡੂੰਘਾ ਸਦਮਾ ਲੱਗਿਆ ਹੈ। ਹਾਲੇ ਉਹ ਮਾਂ ਦੇ ਦਿਹਾਂਤ ਤੋਂ ਉੱਭਰ ਵੀ ਨਹੀਂ ਸਨ ਪਾਏ ਕਿ ਉਨ੍ਹਾਂ ਦੇ ਪਿਤਾ ਨੇ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ।ਖ਼ਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ ਦਾ ਦਿਹਾਂਤ ਬੀਤੇ ਦਿਨ ਹਾਰਟ ਅਟੈਕ ਕਾਰਨ ਹੋਇਆ ਸੀ । ਉਨ੍ਹਾਂ ਨੂੰ ਅੱਜ ਸਪੁਰਦ-ਏ-ਖ਼ਾਕ ਕੀਤਾ ਗਿਆ ।
25 ਸਤੰਬਰ ਨੂੰ ਹੋਇਆ ਮਾਂ ਦਾ ਦਿਹਾਂਤ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 25 ਸਤੰਬਰ ਨੂੰ ਖ਼ਾਨ ਸਾਬ ਦੀ ਮਾਂ ਦਾ ਦਿਹਾਂਤ ਹੋਇਆ ਸੀ । ਹਾਲੇ ਖ਼ਾਨ ਸਾਬ ਆਪਣੀ ਮਾਂ ਦੇ ਦਿਹਾਂਤ ਤੋਂ ਉੱਭਰੇ ਵੀ ਨਹੀਂ ਸਨ ਕਿ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ। ਗਾਇਕ ਦੀ ਮਾਂ ਸਲਮਾ ਪਰਵੀਨ ਬੀਮਾਰ ਸਨ ਤੇ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ‘ਚ ਚੱਲ ਰਿਹਾ ਸੀ । ਖ਼ਾਨ ਸਾਬ ਦਾ ਆਪਣੇ ਮਾਪਿਆਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਨਵਾਂ ਘਰ ਗਿਫਟ ਕੀਤਾ ਸੀ ।
ਖ਼ਾਨ ਸਾਬ ਦਾ ਵਰਕ ਫ੍ਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਕਈ ਸ਼ਬਦ ਵੀ ਗਾਇਨ ਕੀਤੇ ਹਨ ਅਤੇ ਜਪੁਜੀ ਸਾਹਿਬ, ਮੂਲ ਮੰਤਰ ਦਾ ਪਾਠ ਵੀ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਕੱਢਿਆ ਹੈ।