ਕੁਲਦੀਪ ਮਾਣਕ ਦੀ ਅੱਜ ਹੈ ਬਰਸੀ, ਜਾਣੋ ਕਿਵੇਂ ਬਣੇ ਮੁਹੰਮਦ ਲਤੀਫ ਤੋਂ ਕਲੀਆਂ ਦੇ ਬਾਦਸ਼ਾਹ

ਕੁਲਦੀਪ ਮਾਣਕ ਦੀ ਅੱਜ ਬਰਸੀ ਹੈ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਤੇ ਇੱਕ ਝਾਤ ਪਾਵਾਂਗੇ । ਕੁਲਦੀਪ ਮਾਣਕਦਾ ਜਨਮ ਬਠਿੰਡਾ ਦੇ ਪਿੰਡ ਜਲਾਲ ‘ਚ ਨਿੱਕਾ ਖਾਨ ਦੇ ਘਰ ਤੇ ਮਾਤਾ ਬਚਨੋ ਦੀ ਕੁੱਖੋਂ 15ਨਵੰਬਰ 1951 ਵਿੱਚ ਹੋਇਆ।

By  Shaminder Kaur Kaler November 30th 2025 07:00 AM

ਕੁਲਦੀਪ ਮਾਣਕ (Kuldeep Manak) ਦੀ ਅੱਜ ਬਰਸੀ ਹੈ। ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਤੇ ਇੱਕ ਝਾਤ ਪਾਵਾਂਗੇ । ਕੁਲਦੀਪ ਮਾਣਕਦਾ ਜਨਮ ਬਠਿੰਡਾ ਦੇ ਪਿੰਡ ਜਲਾਲ ‘ਚ ਨਿੱਕਾ ਖਾਨ ਦੇ ਘਰ ਤੇ ਮਾਤਾ ਬਚਨੋ ਦੀ ਕੁੱਖੋਂ 15ਨਵੰਬਰ 1951 ਵਿੱਚ ਹੋਇਆ। ਕੁਲਦੀਪ ਮਾਣਕ ਦੋ ਭੈਣਾਂ ਅਤੇ ਇੱਕ ਭਰਾ ਤੋਂ ਛੋਟਾ ਸੀ ਤ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਵੰਡ ਵੇਲੇ ਪਰਿਵਾਰ ਨਾਲੋਂ ਹਮੇਸ਼ਾ ਦੇ ਲਈ ਵਿੱਛੜ ਗਈਆਂ ਸਨ।  ਕੁਲਦੀਪ ਮਾਣਕ ਦਾ ਨਾਂਅ ਮੁਹੰਮਦ ਲਤੀਫ ਉਰਫ਼ ਲੱਧਾ ਸੀ । ਪਰ ਇੰਡਸਟਰੀ ‘ਚ ਉਹ ਕੁਲਦੀਪ ਮਾਣਕ ਦੇ ਨਾਂਅ ਨਾਲ ਜਾਣੇ ਜਾਂਦੇ ਸਨ।ਉਨ੍ਹਾਂ ਦੀ ਟੱਲੀ ਵਰਗੀ ਆਵਾਜ਼ ਅੱਜ ਵੀ ਹਰ ਕਿਸੇ ਦੇ ਕੰਨਾਂ ‘ਚ ਰਸ ਘੋਲਦੀ ਹੈ। 

ਦੋ-ਗਾਣਾ ਗਾਇਕੀ ਦੇ ਦੌਰ ‘ਚ ਕਲੀਆਂ ਗਾ ਕੇ ਬਣਾਈ ਪਛਾਣ 

ਕੁਲਦੀਪ ਮਾਣਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੇਸ਼ੱਕ ਦੋ-ਗਾਣਾ ਗਾਇਕੀ ਦੇ ਨਾਲ ਹੀ ਕੀਤੀ ਸੀ, ਪਰ ਉਨ੍ਹਾਂ ਨੂੰ ਸ਼ੌਹਰਤ ਕਲੀਆਂ ਤੇ ਲੋਕ ਗਥਾਵਾਂ ਨੇ ਹੀ ਦਿਵਾਈ।ਇਹੀ ਕਾਰਨ ਹੈ ਕਿ ਉਹ ‘ਕਲੀਆਂ ਦੇ ਬਾਦਸ਼ਾਹ’ ਨਾਂਅ ਨਾਲ ਮਸ਼ਹੂਰ ਹੋਏ ।ਉਨ੍ਹਾਂ ਨੇ ਲੋਕ ਗਥਾਵਾਂ ਨੂੰ ਨਿਵੇਕਲੇ ਢੰਗ ਨਾਲ ਗਾ ਕੇ ਹਮੇਸ਼ਾ ਦੇ ਲਈ ਅਮਰ ਕਰ ਦਿੱਤਾ ਸੀ। ਲੋਕ ਗਥਾਵਾਂ ਤੇ ਕਲੀਆਂ ਨੂੰ ਉਸ ਵੇਲੇ ਦੇਸ਼ ਦੀਆਂ ਨਾਮੀ ਕੰਪਨੀਆਂ ਐਚ ਐਮ ਵੀ ਤੱਕ ਪਹੁੰਚਾਉਣ ਦਾ ਸਿਹਰਾ ਕੁਲਦੀਪ ਮਾਣਕ ਨੂੰ ਹੀ ਜਾਂਦਾ ਹੈ। ਹਾਲਾਂਕਿ ਕੁਲਦੀਪ ਮਾਣਕ ਨੇ ਤੇਰਾਂ ਦੇ ਕਰੀਬ ਕਲੀਆਂ ਗਾਈਆਂ ਸਨ, ਪਰ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਗਾ ਕੇ ਨਾ ਸਿਰਫ਼ ਸ਼ੌਹਰਤ ਹਾਸਲ ਕੀਤੀ।ਬਲਕਿ ‘ਕਲੀਆਂ ਦੇ ਬਾਦਸ਼ਾਹ’ ਦਾ ਟਾਈਟਲ ਵੀ ਉਨ੍ਹਾਂ ਨੂੰ ਮਿਲ ਗਿਆ। 

ਵਿਰਾਸਤ ‘ਚ ਮਿਲੀ ਸੰਗੀਤ ਦੀ ਗੁੜ੍ਹਤੀ 

ਕੁਲਦੀਪ ਮਾਣਕ ਨੂੰ ਸੰਗੀਤ ਦੀ ਗੁੜ੍ਹਤੀ ਵਿਰਾਸਤ ‘ਚ ਮਿਲੀ ਸੀ। ਕਿਉਂਕਿ ਉਹਨਾਂ ਦੇ ਪੁਰਖੇ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ‘ਚ ਰਾਗੀ ਸਨ ।ਜਿਸ ਕਾਰਨ ਕੁਲਦੀਪ ਮਾਣਕ ਨੂੰ ਘਰੋਂ ਹੀ ਸੰਗੀਤਕ ਮਹੌਲ ਮਿਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਉਹ ਸਕੂਲ ਸਮੇਂ ਦੇ ਦੌਰਾਨ ਹੋਣ ਵਾਲੀਆਂ ਬਾਲ ਸਭਾਵਾਂ ‘ਚ ਕਰਦੇ ਸਨ। ਸੰਗੀਤ ਦੀਆਂ ਬਾਰੀਕੀਆਂ ਸਿੱਖਣ ਦੇ ਲਈ ਕੁਲਦੀਪ ਮਾਣਕ ਨੇ ਖੁਸ਼ੀ ਮੁਹੰਮਦ ਨੂੰ ਆਪਣਾ ਗੁਰੁ ਧਾਰਿਆ ।

1975 ‘ਚ ਹੋਇਆ ਵਿਆਹ 

ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਦੇ ਨਾਲ 1975 ‘ਚ ਹੋਇਆ।ਵਿਆਹ ਤੋਂ ਬਾਅਦ ਕੁਲਦੀਪ ਮਾਣਕ ਦੇ ਘਰ ਧੀ ਸ਼ਕਤੀ ਮਾਣਕ ਤੇ ਪੁੱਤ ਯੁੱਧਵੀਰ ਮਾਣਕ ਦਾ ਜਨਮ ਹੋਇਆ । ‘ਮਾਣਕ’ ਨਾਂਅ ਉਨ੍ਹਾਂ ਨੂੰ ਉਸ ਵੇਲੇ ਦੇ ਤੱਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਂਰੋਂ ਨੇ ਦਿੱਤਾ ਸੀ ਜੋ ਅੰਤ ਤੱਕ ਉਨ੍ਹਾਂ ਦੇ ਨਾਲ ਰਿਹਾ।

ਹਿੱਟ ਗੀਤ ਤੇ ਕਲੀਆਂ 

ਕੁਲਦੀਪ ਮਾਣਕ ਨੇ ਕਈ ਹਿੱਟ ਲੋਕ ਗੀਤ ਗਾਏ । ਜਿਸ ‘ਚ ‘ਮੈਂ ਚਾਦਰ ਕੱਢਦੀ ਨੀਂ ਗਿਣ ਤੋਪੇ ਪਾਵਾਂ’,’ਮਾਂ ਹੁੰਦੀ ਏ ਮਾਂ’, ‘ਸਰਵਣ ਬੱਚਾ ਪਾਣੀ ਪਿਆ ਦੀ ਵੇ’,’ਤੇਰੀ ਆਂ ਮੈਂ ਤੇਰੀ ਰਾਂਝਾ’, ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਸਣੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ । ਜੋ ਸਰੋਤਿਆਂ ‘ਚ ਅੱਜ ਵੀ ਓਨੇ ਹੀ ਮਕਬੂਲ ਹਨ । ਜਿੰਨੇ ਕਿ ਕੁਝ ਸਾਲ ਪਹਿਲਾਂ ਮਕਬੂਲ ਸਨ।ਆਖਿਰਕਾਰ ਪੰਜਾਬੀ ਇੰਡਸਟਰੀ ਦਾ ਇਹ ਮਸ਼ਹੂਰ ਫਨਕਾਰ ੩੦ ਨਵੰਬਰ ੨੦੧੧ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ ।

© Copyright Galactic Television & Communications Pvt. Ltd. 2026. All rights reserved.