ਸਾਈਂ ਬਾਬਾ ਫੇਮ ਸੁਧੀਰ ਦਲਵੀ ਦੀ ਸਿਹਤ ਹੋਈ ਖ਼ਰਾਬ, ਹਸਪਤਾਲ ‘ਚ ਚੱਲ ਰਿਹਾ ਅਦਾਕਾਰ ਦਾ ਇਲਾਜ, ਪਰਿਵਾਰ ਨੇ ਆਰਥਿਕ ਮਦਦ ਦੀ ਕੀਤੀ ਮੰਗ
ਸਾਈਂ ਬਾਬਾ ਫੇਮ ਸੁਧੀਰ ਦਲਵੀ ਦੀ ਸਿਹਤ ਖਰਾਬ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦਾ ਮੁੰਬਈ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਚਿੰਤਾ ਵਧਾਉਣ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।ਹੁਣ ਖਬਰ ਇਹ ਹੈ ਕਿ ਸਾਈਂ ਬਾਬਾ ਫੇਮ ਸੁਧੀਰ ਦਲਵੀ (Sudhir Dalvi) ਦੀ ਸਿਹਤ ਖਰਾਬ ਹੋ ਗਈ ਹੈ ਅਤੇ ਉਹ ਕਿਸੇ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਹਨ । ਛਿਆਸੀ ਸਾਲਾਂ ਦੇ ਅਦਾਕਾਰ ਸੁਧੀਰ ਦਲਵੀ ਨੂੰ ਮੁੰਬਈ ਸਥਿਤ ਲੀਲਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਉਹ ਅੱਠ ਅਕਤੂਬਰ ਤੋਂ ਹਸਪਤਾਲ ‘ਚ ਭਰਤੀ ਦੱਸੇ ਜਾ ਰਹੇ ਹਨ ਅਤੇ ਸੈਪਸਿਸ ਨਾਂਅ ਦੀ ਬਿਮਾਰੀ ਦੇ ਨਾਲ ਜੂਝ ਰਹੇ ਹਨ ।

ਅਦਾਕਾਰ ਦੀ ਬਿਮਾਰੀ ਤੇ ਕਾਫੀ ਖਰਚਾ ਹੋ ਰਿਹਾ ਹੈ ਅਤੇ ਪਰਿਵਾਰ ਦੇ ਵੱਲੋਂ ਉਨ੍ਹਾਂ ਦੇ ਇਲਾਜ ਲਈ ਦਸ ਲੱਖ ਰੁਪਏ ਖਰਚੇ ਜਾ ਚੁੱਕੇ ਹਨ । ਆਰਥਿਕ ਤੰਗੀ ਦੇ ਨਾਲ ਜੂਝ ਰਹੇ ਅਦਾਕਾਰ ਦੇ ਪਰਿਵਾਰ ਨੇ ਆਰਥਿਕ ਮਦਦ ਦੀ ਵੀ ਮੰਗ ਕੀਤੀ ਹੈ।
ਰਿਸ਼ੀ ਕਪੂਰ ਦੀ ਧੀ ਮਦਦ ਲਈ ਅੱਗੇ ਆਏ
ਜਦੋਂ ਇਹ ਖ਼ਬਰ ਮੀਡੀਆ ‘ਚ ਫੈਲੀ ਤਾਂ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਧੀ ਰਿਧਿਮਾ ਕਪੂਰ ਵੀ ਮਦਦ ਲਈ ਅੱਗੇ ਆਏ ਹਨ । ਉਨ੍ਹਾਂ ਨੇ ਅਦਾਕਾਰ ਦੇ ਇਲਾਜ ਲਈ ਪੈਸੇ ਦਾਨ ਕੀਤੇ ਅਤੇ ਇੱਕ ਸੋਸ਼ਲ ਮੀਡੀਆ ਪੋਸਟ ‘ਚ ਲਿਖਿਆ ‘ਡੰਨ, ਤੁਹਾਡੀ ਰਿਕਵਰੀ ਜਲਦ ਹੋਵੇਗੀ’।
ਸਾਈਂ ਬਾਬਾ ਦੇ ਨਾਲ ਬਣੀ ਪਛਾਣ
ਅਦਾਕਾਰ ਸੁਧੀਰ ਦਲਵੀ ਦੀ ਗੱਲ ਕਰੀਏ ਤਾਂ ਉਹ ਭਾਰਤੀ ਸਿਨੇਮਾ ਤੇ ਟੈਲੀਵਿਜ਼ਨ ਦੀ ਇੱਕ ਮਸ਼ਹੂਰ ਹਸਤੀ ਹਨ । ਉਨ੍ਹਾਂ ਨੇ ਸੰਨ1977 ‘ਚ ਸਿਰੜੀ ਦੇ ਸਾਈਂ ਬਾਬਾ ‘ਚ ਸਾਈਂ ਬਾਬਾ ਦੀ ਭੂਮਿਕਾ ਨਿਭਾਈ ਸੀ ਅਤੇ ਇਸ ਕਿਰਦਾਰ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਇਸ ਤੋਂ ਇਲਾਵਾ ਕਈ ਟੀਵੀ ਸੀਰੀਅਲਸ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।