ਰੋਪੜ ਦਾ ਜੁਝਾਰ ਸਿੰਘ ਆਬੂਧਾਬੀ ‘ਚ ਹੋਏ ਪਾਵਰ ਸਲੈਪ ਮੁਕਾਬਲੇ ‘ਚ ਜਿੱਤਿਆ

ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ ਨੇ ਪੂਰੀ ਦੁਨੀਆ ‘ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।ਉਹ ਆਬੂਧਾਬੀ ‘ਚ ਹੋਏ ਪਾਵਰ ਸਲੈਪ ਕੰਪੀਟੀਸ਼ਨ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ ।

By  Shaminder Kaur Kaler October 27th 2025 02:23 PM -- Updated: October 27th 2025 02:30 PM

ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਜੁਝਾਰ ਸਿੰਘ (Jujhar Singh)  ਨੇ ਪੂਰੀ ਦੁਨੀਆ ‘ਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹ ਆਬੂਧਾਬੀ ‘ਚ ਹੋਏ ਪਾਵਰ ਸਲੈਪ ਕੰਪੀਟੀਸ਼ਨ ਦੇ ਪਹਿਲੇ ਸਿੱਖ ਚੈਂਪੀਅਨ ਬਣ ਗਏ ਹਨ । ਚੌਵੀ ਅਕਤੂਬਰ ਨੂੰ ਹੋਏ ਇਸ ਮੁਕਾਬਲੇ ‘ਚ ਜੁਝਾਰ ਨੇ ਆਪਣੇ ਕੰਪੀਟੀਟਰ ਐਂਟਲੀ ਗਲੁਕਸ਼ਾ ਨੂੰ ਹਰਾ ਕੇ ਇਹ ਖਿਤਾਬ ਹਾਸਲ ਕੀਤਾ ਹੈ।ਆਬੂਧਾਬੀ ‘ਚ ਹੋਏ ਇਸ ਮੁਕਾਬਲੇ ਦਾ ਇੱਕ ਵੀਡੀਓ ਵੀ ਵਾਇਰਲ ਹੋ   ਰਿਹਾ ਹੈ ।ਇਸ ਵੀਡੀਓ ‘ਚ ਜੁਝਾਰ ਸਿੰਘ ਖੁਸ਼ੀ ਦੇ ਨਾਲ ਝੂਮਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਵੀਡੀਓ ‘ਚ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ‘ਆਈ ਐੱਮ ਵਿਨਰ’। ਜਿਸ ਤੇ ਪੰਜਾਬੀਆਂ ਨੇ ਵੀ ਜੁਝਾਰ ਦਾ ਹੌਸਲਾ ਵਧਾਇਆ । 

ਥੱਪੜ ਦੇ ਨਾਲ ਆਪਣੇ ਕੰਪੀਟੀਟਰ ਨੂੰ ਹਿਲਾਇਆ

ਆਬੂ ਧਾਬੀ ‘ਚ ਹੋਏ ਇਸ ਮੁਕਾਬਲੇ ‘ਚ ਜੁਝਾਰ ਨੇ ਆਪਣੇ ਕੰਪੀਟੀਟਰ ਨੂੰ ਤੀਜੇ ਰਾਊਂਡ ‘ਚ ਇੱਕ ਥੱਪੜ ਦੇ ਨਾਲ ਹਿਲਾ ਦਿੱਤਾ । ਇਸ ਤੋਂ ਪਹਿਲਾਂ ਜੁਝਾਰ ਤੇ ਗਲੁਕਸ਼ਾ ਦਰਮਿਆਨ ਟੌਸ ਹੋਇਆ । ਟੌਸ ਗਲੁਕਸ਼ਾ ਨੇ ਜਿੱਤਿਆ ਤੇ ਉਸ ਨੇ ਪਹਿਲਾ ਥੱਪੜ ਜੁਝਾਰ ਨੂੰ ਜੜਿਆ । ਇਸ ਥੱਪੜ ਕਾਰਨ ਜੁਝਾਰ ਇੱਕ ਕਦਮ ਪਿੱਛੇ ਹਟਿਆ । ਇਸ ਤੋਂ ਬਾਅਦ ਜੁਝਾਰ ਨੇ ਗਲੁਕਸ਼ਾ ਨੂੰ ਥੱਪੜ ਮਾਰਿਆ, ਪਰ ਗਲੁਕਸ਼ਾ ਹਿੱਲਿਆ ਨਹੀ।ਇਸ ਪਹਿਲੇ ਰਾਊਂਡ ਦੇ ਮੁਕਾਬਲੇ ‘ਚ ਗਲੁਕਸ਼ ਨੂੰ ਦਸ ਪੁਆਇੰਟ ਮਿਲੇ ਜਦੋਂਕਿ ਜੁਝਾਰ ਨੂੰ ਨੌ ਪੁਆਇੰਟ ਹੀ ਮਿਲ ਸਕੇ ।ਦੂਜੇ ਰਾਊਂਡ ‘ਚ ਗਲੁਕਸ਼ਾ ਦੇ ਥੱਪੜ ਦੇ ਨਾਲ ਜੁਝਾਰ ਦੀ ਅੱਖ ਤੇ ਸੱਟ ਲੱਗ ਗਈ ਸੀ ਅਤੇ ਉਸ ਦਾ ਥੱਪੜ ਫਾਊਲ ਗਿਣਿਆ ਗਿਆ । ਤੀਜੇ ਰਾਊਂਡ ‘ਚ ਗਲੁਕਸ਼ਾ ਨੇ ਜੁਝਾਰ ਨੂੰ ਥੱਪੜ ਜੜਿਆ, ਪਰ ਜੁਝਾਰ ਹਿੱਲਿਆ ਤੱਕ ਨਹੀਂ। ਇਸ ਤੇ ਉਸ ਨੂੰ ਦਸ ਪੁਆਇੰਟ ਮਿਲੇ ਅਤੇ ਤੀਜੇ ਰਾਊਂਡ ਦੇ ਆਖਰੀ ਥੱਪੜ ‘ਚ ਜੁਝਾਰ ਦੇ ਥੱਪੜ ਨੇ ਗਲੁਕਸ਼ਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ । ਜਿਸ ਤੋਂ ਬਾਅਦ ਜੁਝਾਰ ਨੂੰ ਕੁੱਲ ਉੱਨਤੀ ਪੁਆਇੰਟ ਮਿਲੇ ਅਤੇ ਉਸ ਨੂੰ ਜੇਤੂ ਕਰਾਰ ਦਿੱਤਾ ਗਿਆ । 

ਜੁਝਾਰ ਦੀ ਜਿੱਤ ਤੇ ਸਿਮਰਨਜੀਤ ਮਾਨ ਨੇ ਕੀਤਾ ਫੋਨ

ਜੁਝਾਰ ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਫੋਨ ਕਰਕੇ ਉਸ ਨੂੰ ਵਧਾਈ ਦਿੱਤੀ ਤੇ ਜੁਝਾਰ ਦਾ ਹੌਸਲਾ ਵਧਾਇਆ । 


© Copyright Galactic Television & Communications Pvt. Ltd. 2026. All rights reserved.