ਈਰਖਾ ਅਜਿਹਾ ਮਨੋਵਿਕਾਰ ਜੋ ਮਾਨਸਿਕ ਸ਼ਾਂਤੀ ਕਰ ਦਿੰਦਾ ਤਬਾਹ, ਜਾਣੋ ਈਰਖਾ ਕਰਨ ਵਾਲਾ ਕਿਵੇਂ ਦੂਜਿਆਂ ‘ਚ ਲੱਭਦਾ ਹੈ ਕਮੀਆਂ

ਅਕਸਰ ਕਿਹਾ ਜਾਂਦਾ ਹੈ ਕਿ ‘ਹਾਂਡੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ’ ਜੀ ਹਾਂ ਇਹ ਗੱਲ ਸੋਲਾਂ ਆਨੇ ਸੱਚ ਹੈ। ਈਰਖਾ ਕਰਨ ਵਾਲੇ ਕਿਸੇ ਦੀ ਤਰੱਕੀ, ਖੁਸ਼ਹਾਲੀ ਵੇਖ ਕੇ ਸੜ੍ਹਦਾ ਰਹਿੰਦਾ ਹੈ। ਇਸ ਤਰ੍ਹਾਂ ਕਰਕੇ ਉਹ ਆਪਣਾ ਆਪ ਹੀ ਗੁਆ ਰਿਹਾ ਹੁੰਦਾ ਹੈ।

By  Shaminder Kaur Kaler November 11th 2025 05:00 PM

ਅੱਜ ਇਨਸਾਨ ਕਈ ਮਨੋਵਿਕਾਰਾਂ ਦੇ ਨਾਲ ਜੂਝ ਰਿਾ ਹੈ। ਇਨ੍ਹਾਂ ਮਨੋਵਿਕਾਰਾਂ ‘ਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਮੁੱਖ ਰੂਪ ‘ਚ ਸ਼ਾਮਿਲ ਹਨ ।ਪਰ ਹੰਕਾਰ ਚੋਂ  ਈਰਖਾ (Jealousy )ਪੈਦਾ ਹੁੰਦੀ ਹੈ। ਈਰਖਾ ਅਜਿਹਾ ਮਨੋਵਿਕਾਰ ਹੈ, ਜੋ ਇਨਸਾਨ ਦਾ ਸਭ ਕੁਝ ਤਬਾਹ ਕਰ ਦਿੰਦੀ ਹੈ। ਅੱਜ ਕੱਲ੍ਹ ਇਨਸਾਨ ਆਪਣੇ ਦੁੱਖਾਂ ਤੋਂ ਏਨਾਂ ਜ਼ਿਆਦਾ ਦੁਖੀ ਨਹੀਂ ਹੁੰਦਾ ਜਿੰਨਾ ਕਿ ਹੋਰਨਾਂ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੁੰਦਾ ਹੈ। ਈਰਖਾ ਦਾ ਇਹ ਭਾਵ ਆਂਢ ਗੁਆਂਢ, ਦਫਤਰਾਂ, ਰਿਸ਼ਤੇਦਾਰੀਆਂ ‘ਚ ਵੀ ਵੇਖਣ ਨੂੰ ਮਿਲਦਾ ਹੈ। 

ਈਰਖਾ ਕਰਨ ਵਾਲਾ ਲੱਭਦਾ ਰਹਿੰਦਾ ਕਮੀਆਂ 

ਈਰਖਾ ਰੱਖਣ ਵਾਲਾ ਵਿਅਕਤੀ ਹਮੇਸ਼ਾ ਹੀ ਦੂਜਿਆਂ ਚੋਂ ਕਮੀਆਂ ਲੱਭਦਾ ਰਹਿੰਦਾ ਹੈ। ਉਹ ਆਪਣੇ ਆਪ ਨੂੰ ਸਮਝਦਾਰ, ਸਿਆਣਾ ਸਮਝਦਾ ਹੈ ਅਤੇ ਦੂਜਿਆਂ ਨੂੰ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। 

ਦਫਤਰਾਂ ‘ਚ ਵੀ ਵੇਖਣ ਨੂੰ ਮਿਲਦੀ ਹੈ ਈਰਖਾ 

ਦਫ਼ਤਰਾਂ ‘ਚ ਵੀ ਇੱਕ ਦੂਜੇ ਦੇ ਨਾਲ ਈਰਖਾ ਦਾ ਭਾਵ ਰੱਖਣ ਵਾਲੇ ਆਮ ਮਿਲ ਜਾਂਦੇ ਹਨ । ਜੇ ਕਿਸੇ ਸਹਿਯੋਗੀ ਕਰਮਚਾਰੀ ਦੀ ਤਾਰੀਫ ਕੋਈ ਵੱਡਾ ਅਫ਼ਸਰ ਕਰ ਦੇਵੇ ਤਾਂ ਈਰਖਾ ਕਰਨ ਵਾਲੇ ਤੋਂ ਇਹ ਜਰਿਆ ਨਹੀਂ ਜਾਂਦਾ । ਉਹ ਅਕਸਰ ਉਸ ਸ਼ਖਸ ਦੀਆਂ ਕਮੀਆਂ ਆਪਣੇ ਤੋਂ ਉੱਪਰ ਅਫ਼ਸਰ ਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤਾਂ ਕਿ ਉਸ ਅਫ਼ਸਰ ਦੀ ਨਜ਼ਰ ‘ਚ ਉਸ ਦਾ ਅਕਸ ਖ਼ਰਾਬ ਹੋ ਜਾਵੇ । 

ਗਲੀ ਗੁਆਂਢ ‘ਚ ਈਰਖਾ 

ਗਲੀ ਗੁਆਂਢ ‘ਚ ਵੀ ਈਰਖਾ ਵੇਖਣ ਨੂੰ ਮਿਲ ਜਾਂਦੀ ਹੈ। ਜੇ ਕਿਸੇ ਨੇ ਨਵੀਂ ਕਾਰ ਖਰੀਦ ਲਈ ਤਾਂ ਈਰਖਾ ਕਰਨ ਵਾਲਾ ਵਿੱਚੋਂ ਵਿੱਚ ਕੁੜਦਾ ਰਹਿੰਦਾ ਹੈ। ਕਿਉਂਕਿ ਉਹ ਤੁਹਾਡੇ ਨਾਲ ਮੁਕਾਬਲਾ ਤਾਂ ਕਰ ਨਹੀਂ ਸਕਦਾ । ਇਸ ਲਈ ਉਹ ਗਲੀ ਮੁਹੱਲੇ ‘ਚ ਤੁਹਾਡੇ ਬਾਰੇ ਬੁਰਾਈਆਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਪਰ ਇਹ ਸਭ ਕੁਝ ਕਰਨ ਨਾਲ ਕੁਝ ਨਹੀਂ ਹੋਣਾ । ਜੋ ਤੁਹਾਡੀ ਕਿਸਮਤ ‘ਚ ਹੈ ਉਹ ਤੁਹਾਨੂੰ ਮਿਲ ਰਿਹਾ ਹੈ ਅਤੇ ਜੋ ਅਗਲੇ ਦੀ ਕਿਸਮਤ ਹੈ ਉਹ ਉਸ ਨੂੰ ਮਿਲ ਕੇ ਰਹੇਗਾ। ਕਿਉੁਂਕਿ ਹੱਥ ਦੀ ਰੋਟੀ ਤਾਂ ਕੋਈ ਖੋਹ ਸਕਦਾ ਹੈ, ਪਰ ਜੋ ਪ੍ਰਮਾਤਮਾ ਨੇ ਮੱਥੇ ਦੀਆਂ ਲਕੀਰਾਂ ‘ਚ ਲਿਖ ਦਿੱਤਾ ਉਸ ਨੂੰ ਕੋਈ ਵੀ ਖੋਹ ਨਹੀਂ ਸਕਦਾ ।

© Copyright Galactic Television & Communications Pvt. Ltd. 2026. All rights reserved.